ਫਿਰੋਜ਼ਪੁਰ ’ਚ ਆਜ਼ਾਦੀ ਦਿਹਾੜੇ ਦੀ ਧੂਮ, CM ਮਾਨ ਨੇ ਲਹਿਰਾਇਆ ਤਿਰੰਗਾ ਤੇ 25 ਪੁਲਿਸ ਮੁਲਾਜ਼ਮ ਕੀਤੇ ਸਨਮਾਨਿਤ

ਨਿਊਜ਼ ਪੰਜਾਬ

15 ਅਗਸਤ,2026

ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਦੇ ਕੈਂਟ ਬੋਰਡ ਸਟੇਡੀਅਮ ਵਿੱਚ ਤਿਰੰਗਾ ਲਹਿਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਹੁਸੈਨੀਵਾਲਾ ਸਥਿਤ ਸ਼ਹੀਦ ਸਮਾਰਕ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ CM ਮਾਨ ਨੇ ਕਿਹਾ ਕਿ 1947 ਦੀ ਵੰਡ ਦਾ ਸਭ ਤੋਂ ਵੱਡਾ ਦਰਦ ਪੰਜਾਬੀਆਂ ਨੇ ਝੱਲਿਆ ਅਤੇ ਦੇਸ਼ ਦੀ ਆਜ਼ਾਦੀ ਲਈ ਵੀ ਪੰਜਾਬੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਹਰ ਬੀਜ ਉੱਗ ਸਕਦਾ ਹੈ ਪਰ ਨਫ਼ਰਤ ਦਾ ਬੀਜ ਕਦੇ ਨਹੀਂ ਬੀਜਿਆ ਜਾ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਦੇਸ਼ ਵਿਚਕਾਰ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੀਆਂ। ਇਸ ਮੌਕੇ ਬਹਾਦਰੀ ਅਤੇ ਚੰਗੀ ਸੇਵਾ ਲਈ 25 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।