ਬੋਲੀਆਂ ਪਾ ਪਾ ਨੱਚਦੀਆਂ ਭੈਣਾਂ ਨੂੰ ਸੈਲਾਨੀ ਖੜ ਖੜ ਕੇ ਵੇਖ ਰਹੇ ਸਨ ਅਤੇ ਗੋਰੀਆਂ ਵੀ ਨਾਲ ਆ ਨੱਚਣ ਲਗੀਆਂ
ਰਿਪੋਰਟ : ਗੁਰਨਾਮ ਕੌਰ ਸਕੱਤਰ / ਗੁਰਦੀਸ਼ ਕੌਰ ਗਰੇਵਾਲ
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀਆਂ ਜੁਲਾਈ ਮਹੀਨੇ ਦੀਆਂ ਗਤੀਵਿਧੀਆਂ ਤਹਿਤ 12 ਜੁਲਾਈ ਦਿਨ ਐਤਵਾਰ ਨੂੰ ਯੰਗਸਤਾਨ ਨਾਲ ਮਿਲ ਕੇ ਸੀਨੀਅਰਜ਼ ਵੋਮੈਨ ਨੇ ਖੇਡਾਂ ਵਿੱਚ ਵੀ ਮੱਲਾਂ ਮਾਰੀਆਂ। ਸੌ ਮੀਟਰ ਦੀ ਦੌੜ, ਜਿਸ ਵਿੱਚ ਬਲਵੀਰ ਕੌਰ ਗਰੇਵਾਲ ਫਸਟ,ਅਵਤਾਰ ਕੌਰ ਦੂਜੇ ਅਤੇ ਕੁਲਵੰਤ ਕੌਰ ਤੀਜੇ ਸਥਾਨ ਤੇ ਰਹੀ। ਚਮਚਾ ਅਤੇ ਨਿੰਬੂ ਰੇਸ ਵਿੱਚ ਚਰਨਜੀਤ ਫਸਟ ਦੂਜੇ ਨੰਬਰ ਤੇ ਅਵਤਾਰ ਕੌਰ ਅਤੇ ਕੁਲਵੰਤ ਕੌਰ ਤੀਜੇ ਸਥਾਨ ਤੇ ਰਹੀ। ਚਾਟੀ ਰੇਸ ਵਿੱਚ ਬਲਵੀਰ ਕੌਰ ਗਰੇਵਾਲ ਫਸਟ, ਗੁਰਨਾਮ ਕੌਰ ਦੂਜੇ ਅਤੇ ਕੁਲਦੀਪ ਕੌਰ ਤੀਜੇ ਨੰਬਰ ਤੇ ਰਹੀ।

“ ਚਲੋ ਸਹੀਓ ਚਲ ਘੁੰਮਣ ਚਲੀਏ, ਤਨ ਨੂੰ ਆਹਰੇ ਲਾਈਏ।
ਕਾਦਰ ਸੁਹਣੀ ਕੁਦਰਤ ਸਾਜੀ ਦੇਖ ਕੇ ਮਨ ਪਰਚਾਈਏ । “
ਜੁਲਾਈ ਮਹੀਨੇ ਦੀ ਮਹੀਨਾਵਾਰ ਮੀਟਿੰਗ ਦਾ ਜਸ਼ਨ ਸਿਲਵਨ ਲੇਕ ਵਿਖੇ ਪੂਰੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ।

ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਦੀ ਸੁਚੱਜੀ ਅਗਵਾਈ ਤਹਿਤ 18 ਜੁਲਾਈ ਦਿਨ ਸ਼ਨੀਵਾਰ ਨੂੰ ਜੈਨੇਸਸ ਸੈਂਟਰ ਤੋਂ ਭੈਣਾਂ ਦਾ ਕਾਫ਼ਲਾ ਦੋ ਬੱਸਾਂ ਰਾਹੀਂ ਜੈ ਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ। ਸਾਰੀਆਂ ਭੈਣਾਂ ਪੂਰੀਆਂ ਸਜ ਫਬ ਕੇ ਆਈਆਂ ਸਨ ਜਿਵੇਂ ਵਿਆਹ ਵਿੱਚ ਮੇਲਣਾਂ ਬਣ ਕੇ ਆਈਆਂ ਹੋਣ। ਸਫਰ ਸ਼ੁਰੂ ਹੋਣ ਤੋਂ ਥੋੜੀ ਦੂਰੀ ਤੇ ਹੀ ਰੰਗਾ- ਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ। ਦੋ ਟੀਮਾਂ ਬਣਾ ਕੇ ਟੱਪਿਆਂ ਦੀ ਝੜੀ ਲਾ ਦਿੱਤੀ।
ਉਸ ਤੋਂ ਬਾਅਦ ਬੋਲੀਆਂ,ਗੀਤ – ਸੰਗੀਤ ਸ਼ੁਰੂ ਹੋ ਗਿਆ। ਭੈਣਾਂ ਨੇ ਜਵਾਨੀ ਦੇ ਦਿਨਾਂ ਦੀ ਯਾਦ ਤਾਜ਼ਾ ਕੀਤੀ, ਜਿਵੇਂ ਪੰਜਾਬ ਵਿੱਚ ਕਿਸੇ ਵਿਆਹ ਵਾਲੇ ਘਰ ਵਿੱਚ ਆ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣ। ਪਤਾ ਹੀ ਨਹੀਂ ਚਲਿਆ ਕਦੋਂ ਸਿਲਵਨ ਲੇਕ ਪਹੁੰਚ ਗਏ।
ਉਥੇ ਪਹੁੰਚ ਕੇ ਦਰਖਤਾਂ ਦੀ ਠੰਡੀ ਮਿੱਠੀ ਛਾਂ ਹੇਠ ਜਾ ਡੇਰੇ ਲਾਏ।ਸਭ ਤੋਂ ਪਹਿਲਾਂ ਖਾਣ ਪੀਣ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਘਰੋਂ ਘਰੀਂ ਲਿਆਂਦੇ ਵੰਨ ਸੁਵੰਨੇ ਪਕਵਾਨਾਂ ਦੀ ਸੁਗੰਧੀ ਫਿਜ਼ਾ ਵਿੱਚ ਫੈਲ ਗਈ।

ਪੌਟ ਲਕ ਦਾ ਮਜ਼ਾ ਲੈਂਦਿਆਂ ਛੱਤੀ ਪ੍ਰਕਾਰ ਦੇ ਭੋਜਨ ਦਾ ਲੁਤਫ਼ ਮਾਣਿਆ,ਜਿਨ੍ਹਾਂ ਵਿੱਚ ਰੋਟੀਆਂ, ਪਰੌਂਠੇ, ਵੱਖ ਵੱਖ ਕਿਸਮ ਦੀਆਂ ਸਬਜ਼ੀਆਂ, ਚਟਣੀਆਂ ਆਚਾਰ,ਮਿੱਠੇ ਚੌਲ, ਗਜਰੇਲਾ, ਸੂਜੀ ਦਾ ਕੜਾਹ , ਵੰਨੋ ਵੰਨੀ ਦੇ ਫਰੂਟ ਅਤੇ ਜੂਸ ਆਦਿ ਵਰਤਾਏ ਗਏ। ਇਸ ਤੋਂ ਬਾਅਦ ਗੀਤ ਸੰਗੀਤ ਅਤੇ ਗਿੱਧੇ ਦਾ ਪਿੜ ਬੰਨਿਆ। ਬੋਲੀਆਂ ਪਾ ਪਾ ਨੱਚਦੀਆਂ ਭੈਣਾਂ ਨੂੰ ਸੈਲਾਨੀ ਖੜ ਖੜ ਕੇ ਵੇਖ ਰਹੇ ਸਨ ਅਤੇ ਗੋਰੀਆਂ ਵੀ ਨਾਲ ਨੱਚੀਆਂ। ਆਪਣੇ ਦਿਲ ਦੇ ਚਾਅ ਮਲਾਰ ਪੂਰੇ ਕਰਦਿਆਂ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਜਵਾਨੀ ਮੁੜ ਆਈ ਹੋਵੇ ।

ਭੈਣਾ ਨੇ ਪਾਣੀ ਵਿੱਚ ਵੀ ਖੂਬ ਮਸਤੀ ਕੀਤੀ। ਦਿਨ ਢਲਦੇ ਚਾਰ ਕੁ ਵਜੇ ਉਸੇ ਤਰਾਂ ਨੱਚਦੀਆਂ ਗਾਉਂਦੀਆਂ ਨੇ ਵਾਪਸੀ ਕੀਤੀ। ਛੇਂ ਕਉ ਵਜੇ ਦੇ ਕਰੀਬ ਵਾਪਸ ਜੈਨਸਸ ਸੈਂਟਰ ਪਹੁੰਚ ਗਏ । ਡਾਕਟਰ ਬਲਵਿੰਦਰ ਕੌਰ ਬਰਾੜ ਜੀ ਨੇ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ ਅਤੇ ਸਾਰੀਆਂ ਨੇ ਖੁਸ਼ੀ ਖੁਸ਼ੀ ਵਿਦਾਇਗੀ ਲਈ।
