ਬਰਨਾਲਾ ‘ਚ ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ

ਨਿਊਜ਼ ਪੰਜਾਬ

22 ਜੁਲਾਈ,2026

ਬਰਨਾਲਾ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਨਗਰ ਨਿਗਮ ਨੇ ਸ਼ਹਿਰ ਵਿੱਚ ਜਮ੍ਹੇ ਕੂੜੇ ਨੂੰ ਚੁਕਾਉਣ ਦੀ ਕਾਰਵਾਈ ਸ਼ੁਰੂ ਕੀਤੀ। ਐਸਡੀ ਕਾਲਜ ਨੇੜੇ ਨਿਗਮ ਦੇ ਅਧਿਕਾਰੀਆਂ ਦੇ ਪਹੁੰਚਣ ‘ਤੇ ਵੱਡੀ ਗਿਣਤੀ ਵਿੱਚ ਹੜਤਾਲੀ ਸਫਾਈ ਸੇਵਕ ਇਕੱਠੇ ਹੋ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਹਾਲਾਤ ਵਿਗੜਦੇ ਦੇਖ ਪੁਲਿਸ ਨੇ ਦਖ਼ਲ ਦਿੰਦਿਆਂ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ ਅਤੇ ਕਈ ਸਫਾਈ ਸੇਵਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼ਹਿਰਾਂ ਵਿੱਚ ਜਮ੍ਹੇ ਕੂੜੇ ਦੇ ਨਿਪਟਾਰੇ ਲਈ ਦਿੱਤੀ ਗਈ ਮਿਆਦ ਦੇ ਮੱਦੇਨਜ਼ਰ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ। ਉੱਥੇ ਹੀ ਹੜਤਾਲੀ ਸਫਾਈ ਸੇਵਕਾਂ ਨੇ ਸਰਕਾਰ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਜ਼ਬਰਦਸਤੀ ਸਫਾਈ ਕਰਵਾਈ ਜਾ ਰਹੀ ਹੈ। ਫਿਲਹਾਲ ਮੌਕੇ ‘ਤੇ ਪੁਲਿਸ ਤਾਇਨਾਤ ਹੈ ਅਤੇ ਸਥਿਤੀ ‘ਤੇ ਨਜ਼ਦੀਕੀ ਨਜ਼ਰ ਰੱਖੀ ਜਾ ਰਹੀ ਹੈ।