ਫਤਹਿਗੜ੍ਹ ਸਾਹਿਬ ਦੇ ਜਵਾਨ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ, ਸਰਕਾਰੀ ਸਨਮਾਨਾਂ ਨਾਲ ਹੋਇਆ ਸੰਸਕਾਰ

ਨਿਊਜ਼ ਪੰਜਾਬ

12 ਮਈ 2026

ਫਤਹਿਗੜ੍ਹ ਸਾਹਿਬ ਦੇ ਪਿੰਡ ਬੀਬੀਪੁਰ ਦੇ ਰਹਿਣ ਵਾਲੇ ਭਾਰਤੀ ਫੌਜ ਦੀ 14 ਸਿੱਖ ਰੈਜੀਮੈਂਟ ਦੇ ਜਵਾਨ ਮਨਪ੍ਰੀਤ ਸਿੰਘ ਦੀ ਝਾਰਖੰਡ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਵਾਨ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਮਨਪ੍ਰੀਤ ਸਿੰਘ ਦਾ ਪਿੰਡ ਬੀਬੀਪੁਰ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਵਿਸ਼ਾਲ ਸ਼ਰਮਾ ਨੇ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਰੀਥ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਸੈਨਾ ਵੱਲੋਂ ਨਾਇਬ ਸੂਬੇਦਾਰ ਸੁੱਖਾ ਸਿੰਘ ਅਤੇ ਹੌਲਦਾਰ ਗੁਰਬਿੰਦਰ ਸਿੰਘ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਫੌਜੀ ਟੁਕੜੀ ਨਾਲ ਪਿੰਡ ਬੀਬੀਪੁਰ ਲੈ ਕੇ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੰਤਿਮ ਦਰਸ਼ਨ ਕਰਕੇ ਸ਼ਹੀਦ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ।

ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਦੇਸ਼ ਦੇ ਫੌਜੀ ਸਾਡੇ ਲਈ ਮਾਣ ਹਨ ਅਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਫੌਜੀ ਵੀਰਾਂ ਦੀ ਬਦੌਲਤ ਹੀ ਦੇਸ਼ ਵਾਸੀ ਆਪਣੇ ਘਰਾਂ ਵਿੱਚ ਸੁਰੱਖਿਅਤ ਅਤੇ ਚੈਨ ਨਾਲ ਜੀਵਨ ਬਿਤਾ ਰਹੇ ਹਨ।