ਨਿਊਜ਼ ਪੰਜਾਬ
20 ਅਕਤੂਬਰ,2026
ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਦੇ ਧਾਰ ਕਲਾਂ ਥਾਣੇ ਵਿੱਚ ਤਾਇਨਾਤ SHO ਇੰਸਪੈਕਟਰ ਗੁਲਸ਼ਨ ਕੁਮਾਰ ਨੂੰ ਕਥਿਤ ਤੌਰ ’ਤੇ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਇੱਕ ਸ਼ਿਕਾਇਤਕਰਤਾ ਦਾ ਨਾਮ ਕੇਸ ਵਿੱਚੋਂ ਹਟਾਉਣ ਬਦਲੇ ਪਹਿਲਾਂ 5 ਲੱਖ ਰੁਪਏ ਮੰਗਣ ਅਤੇ ਬਾਅਦ ਵਿੱਚ 2.50 ਲੱਖ ਰੁਪਏ ਵਿੱਚ ਸੌਦਾ ਤੈਅ ਕਰਨ ਦਾ ਦੋਸ਼ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਕਾਰਵਾਈ ਕਰਦਿਆਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਦਿੱਤੇ ਜਾ ਰਹੇ 1 ਲੱਖ ਰੁਪਏ ਬਰਾਮਦ ਕੀਤੇ। ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
