ਪੰਜਾਬ ਦੀ ਫਾਰਮ ਸਟੇ ਪਾਲਿਸੀ-2026 ਲਾਂਚ: ਕਿਸਾਨਾਂ ਨੂੰ ਹੋਵੇਗੀ ਵਾਧੂ ਕਮਾਈ, ਪਿੰਡਾਂ ਨਾਲ ਜੁੜਣਗੇ ਸੈਲਾਨੀ

ਨਿਊਜ਼ ਪੰਜਾਬ

12 ਮਈ 2026

ਪੰਜਾਬ ਦੇ ਖੇਤ ਹੁਣ ਸਿਰਫ਼ ਫਸਲ ਉਗਾਉਣ ਤੱਕ ਹੀ ਸੀਮਿਤ ਨਹੀਂ ਰਹਿਣਗੇ, ਸਗੋਂ ਕਿਸਾਨਾਂ ਦੀ ਆਮਦਨ ਦਾ ਨਵਾਂ ਸਰੋਤ ਵੀ ਬਣਣਗੇ। ਪੰਜਾਬ ਸਰਕਾਰ ਵੱਲੋਂ ਫਾਰਮ ਸਟੇ ਪਾਲਿਸੀ-2026 ਲਾਂਚ ਕਰ ਦਿੱਤੀ ਗਈ ਹੈ, ਜਿਸ ਤਹਿਤ ਕਿਸਾਨ ਆਪਣੇ ਖੇਤਾਂ ਵਿੱਚ ਸੈਲਾਨੀਆਂ ਨੂੰ ਰਹਿਣ, ਖਾਣ-ਪੀਣ ਅਤੇ ਪੇਂਡੂ ਜੀਵਨ ਦਾ ਅਨੁਭਵ ਕਰਵਾ ਕੇ ਕਮਾਈ ਕਰ ਸਕਣਗੇ। ਸਰਕਾਰ ਦਾ ਮਕਸਦ ਪੇਂਡੂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਨੌਜਵਾਨਾਂ ਤੇ ਮਹਿਲਾਵਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਹਾਲਾਂਕਿ, ਪਰਿਆਵਰਣ ਪ੍ਰੇਮੀਆਂ ਵੱਲੋਂ ਇਸ ਪਾਲਿਸੀ ਨੂੰ ਲੈ ਕੇ ਕੁਝ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ।

ਫਾਰਮ ਸਟੇ ਪਾਲਿਸੀ ਅਨੁਸਾਰ ਘੱਟੋ-ਘੱਟ ਇੱਕ ਏਕੜ ਜ਼ਮੀਨ ਵਾਲੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਣਗੇ। ਸਿਰਫ਼ 10 ਫੀਸਦੀ ਜ਼ਮੀਨ ‘ਤੇ ਨਿਰਮਾਣ ਦੀ ਆਗਿਆ ਹੋਵੇਗੀ, ਜਦਕਿ ਬਾਕੀ ਜ਼ਮੀਨ ਖਾਲੀ ਰੱਖਣੀ ਪਵੇਗੀ। ਫਾਰਮ ਸਟੇ ਵਿੱਚ ਘੱਟੋ-ਘੱਟ 2 ਅਤੇ ਵੱਧ ਤੋਂ ਵੱਧ 9 ਕਮਰੇ ਬਣ ਸਕਣਗੇ ਅਤੇ ਇੱਕ ਸਮੇਂ ਵਿੱਚ 18 ਤੋਂ ਵੱਧ ਮਹਿਮਾਨ ਨਹੀਂ ਰਹਿ ਸਕਣਗੇ। ਮਹਿਮਾਨਾਂ ਨੂੰ ਟ੍ਰੈਕਟਰ ਚਲਾਉਣ, ਬੈਲਗੱਡੀ ਦੀ ਸਵਾਰੀ, ਖੇਤੀਬਾੜੀ ਦੇ ਕੰਮ ਅਤੇ ਪਿੰਡਾਂ ਦੇ ਜੀਵਨ ਨਾਲ ਜੁੜੀਆਂ ਗਤੀਵਿਧੀਆਂ ਦਾ ਤਜਰਬਾ ਵੀ ਕਰਵਾਇਆ ਜਾਵੇਗਾ।

ਸਰਕਾਰ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵੀ ਆਸਾਨ ਬਣਾਇਆ ਹੈ। ‘ਇਨਵੈਸਟ ਪੰਜਾਬ’ ਪੋਰਟਲ ‘ਤੇ ਆਨਲਾਈਨ ਰਜਿਸਟ੍ਰੇਸ਼ਨ ਹੋਵੇਗੀ ਅਤੇ 21 ਦਿਨਾਂ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਫਾਰਮ ਸਟੇ ਲਈ ਕਿਸੇ NOC ਜਾਂ CLU ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸਰਕਾਰ ਟ੍ਰੇਨਿੰਗ, ਪ੍ਰਚਾਰ-ਪ੍ਰਸਾਰ ਅਤੇ 10 ਫੀਸਦੀ ਤੱਕ ਸਬਸਿਡੀ ਵੀ ਦੇਵੇਗੀ। ਪਾਲਿਸੀ ਵਿੱਚ ਸਾਫ਼-ਸਫਾਈ ਅਤੇ ਪਰਿਆਵਰਣ ਸੁਰੱਖਿਆ ਲਈ ਵੀ ਖਾਸ ਨਿਯਮ ਬਣਾਏ ਗਏ ਹਨ।