ਛੱਤੀਸਗੜ੍ਹ ‘ਚ ਚਾਰਟਰਡ ਜਹਾਜ਼ ਕ੍ਰੈਸ਼: ਪਾਇਲਟ ਅਤੇ ਕੋ-ਪਾਇਲਟ ਦੀ ਮੌਤ, ਰਾਹਤ ਕਾਰਜ ਜਾਰੀ

ਨਿਊਜ਼ ਪੰਜਾਬ

20 ਅਪ੍ਰੈਲ 2026

ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹਾ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿੱਥੇ ਇੱਕ ਚਾਰਟਰਡ ਜਹਾਜ਼ ਆਰਾ ਪਹਾੜ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਸ਼ਾਸਨ ਵੱਲੋਂ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਹਾਜ਼ ਵਿੱਚ ਪਾਇਲਟ ਅਤੇ ਕੋ-ਪਾਇਲਟ ਤੋਂ ਇਲਾਵਾ ਹੋਰ ਕੋਈ ਸਵਾਰ ਸੀ ਜਾਂ ਨਹੀਂ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਪਹਾੜੀ ਇਲਾਕੇ ਤੋਂ ਲੰਘਦੇ ਸਮੇਂ ਚੋਟੀਆਂ ਨਾਲ ਟਕਰਾਇਆ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਹਾਦਸੇ ਤੋਂ ਬਾਅਦ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਦਕਿ ਅਧਿਕਾਰੀਆਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।