ਨਿਊਜ਼ ਪੰਜਾਬ
20 ਅਪ੍ਰੈਲ 2026
ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਵਾਲੀ ਖ਼ਬਰ ਸਾਹਮਣੇ ਆਈ ਹੈ। Bathinda ਦੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜੋ ਈਮੇਲ ਰਾਹੀਂ ਭੇਜੀ ਗਈ। ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ।
ਬਠਿੰਡਾ ਰੇਲਵੇ ਸਟੇਸ਼ਨ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸਟੇਸ਼ਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ।
ਪੁਲਿਸ ਸੂਤਰਾਂ ਮੁਤਾਬਕ, ਪਹਿਲਾਂ ਵੀ ਬਠਿੰਡਾ ਦੇ ਡਾਕ ਘਰ ਅਤੇ Sri Muktsar Sahib ਦੇ ਡੀਸੀ ਦਫ਼ਤਰ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਚੰਡੀਗੜ੍ਹ ਦੇ ਸੈਕਟਰ-42 ਸਥਿਤ ਡਾ. ਅੰਬੇਡਕਰ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ ਕੰਟਰੋਲ ਰੂਮ ‘ਤੇ ਧਮਕੀ ਭਰਿਆ ਮੈਸਜ ਮਿਲਣ ਤੋਂ ਤੁਰੰਤ ਬਾਅਦ ਪੁਲਸ ਅਲਰਟ ਹੋ ਗਈ। ਮੌਕੇ ‘ਤੇ ਪੁਲਸ, ਖ਼ੁਫ਼ੀਆ ਏਜੰਸੀਆਂ, ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਕਾਲਜ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
