ਨਿਊਜ਼ ਪੰਜਾਬ
10 ਅਪ੍ਰੈਲ 2026
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਪੰਜਾਬ ਤੋਂ ਆਏ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਲਗਭਗ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦਰਦਨਾਕ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਬੱਚਿਆਂ ਸਮੇਤ 32 ਹੋਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਮੁਤਾਬਕ, ਇਹ ਹਾਦਸਾ ਨੈਸ਼ਨਲ ਹਾਈਵੇਅ-503 ‘ਤੇ ਢਲਿਆਰਾ ਨੇੜੇ ਰਾਧਾ ਸੁਆਮੀ ਸਤਸੰਗ ਘਰ ਕੋਲ ਕਰੀਬ ਦੁਪਹਿਰ 12:15 ਵਜੇ ਵਾਪਰਿਆ। ਕਪੂਰਥਲਾ ਤੋਂ ਆਏ ਸ਼ਰਧਾਲੂ ਪਹਿਲਾਂ ਚਿੰਤਪੂਰਨੀ ਮੰਦਰ ਵਿਖੇ ਦਰਸ਼ਨ ਕਰਕੇ ਜਵਾਲਾਜੀ ਮੰਦਰ ਵੱਲ ਜਾ ਰਹੇ ਸਨ। ਰਸਤੇ ਵਿੱਚ ਢਲਿਆਰਾ ਮੋੜ ‘ਤੇ ਟਰੈਕਟਰ-ਟਰਾਲੀ ਦੀਆਂ ਬਰੇਕਾਂ ਅਚਾਨਕ ਫੇਲ ਹੋ ਗਈਆਂ, ਜਿਸ ਕਾਰਨ ਵਾਹਨ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗਿਆ।
ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦੇ ਹੋਏ ਪੁਲਸ ਨੂੰ ਸੂਚਿਤ ਕੀਤਾ। ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਕੱਢ ਕੇ ਦੇਹਰਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਐੱਸਪੀ ਦੇਹਰਾ ਮਯੰਕ ਚੌਧਰੀ ਮੁਤਾਬਕ, ਟਰੈਕਟਰ-ਟਰਾਲੀ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ। ਉਨ੍ਹਾਂ ਦੱਸਿਆ ਕਿ ਕੁਝ ਔਰਤਾਂ ਅਤੇ ਬੱਚੇ ਸੁਰੱਖਿਅਤ ਹਨ, ਪਰ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਨੇ ਇਹ ਵੀ ਦੱਸਿਆ ਕਿ ਮੋਟਰ ਵਹੀਕਲ ਐਕਟ ਅਨੁਸਾਰ ਟਰੈਕਟਰ-ਟਰਾਲੀ ਵਿੱਚ ਸਵਾਰੀਆਂ ਬਿਠਾਉਣਾ ਮਨਾਹੀ ਹੈ, ਪਰ ਅਕਸਰ ਇਸ ਨਿਯਮ ਦੀ ਉਲੰਘਣਾ ਕੀਤੀ ਜਾਂਦੀ ਹੈ, ਜੋ ਐਸੀਆਂ ਦੁਖਦਾਈ ਘਟਨਾਵਾਂ ਦਾ ਕਾਰਨ ਬਣਦੀ ਹੈ।
