ਜਲੰਧਰ ਪੁਲੀਸ ਨੇ 3.5 ਕਿਲੋ ਹੈਰੋਇਨ ਅਤੇ ਦੋ ਲੱਖ ਡਰੱਗ ਮਨੀ ਸਮੇਤ ਨਸ਼ਾ ਤਸਕਰ ਕੀਤਾ ਕਾਬੂ 

ਨਿਊਜ਼ ਪੰਜਾਬ

31 ਅਗਸਤ 2025

ਪੰਜਾਬ ਦੇ ਜਲੰਧਰ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ‘ਚੋਂ 3.5 ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਮਨਜੀਤ ਸਿੰਘ ਵਾਸੀ ਜਲੰਧਰ ਐਨਕਲੇਵ, ਨੇੜੇ ਖਾਂਬਰਾ, ਜਲੰਧਰ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਆਦਤਨ ਨਸ਼ਾ ਤਸਕਰ ਹੈ ਅਤੇ ਉਸ ਵਿਰੁੱਧ ਪੰਜਾਬ ਅਤੇ ਨਵੀਂ ਦਿੱਲੀ ਵਿੱਚ ਐਨਡੀਪੀਐਸ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿੱਛਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।ਇਸ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਆਫ ਪੁਲਿਸ (ਸੀਪੀ) ਜਲੰਧਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਵਿਸ਼ੇਸ਼ ਚੈਕਿੰਗ ਦੌਰਾਨ, ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਸੈੱਲ ਦੀਆਂ ਪੁਲਿਸ ਟੀਮਾਂ ਨੇ ਮਨਜੀਤ ਸਿੰਘ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਉਨ੍ਹਾਂ ਦੱਸਿਆ ਕਿ ਉਸਦੀ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਉਸਦੀ ਕਾਲੇ ਰੰਗ ਦੀ ਕਿੱਟ ਵਿੱਚੋਂ ਹੈਰੋਇਨ ਦੀ ਖੇਪ ਅਤੇ ਡਰੱਗ ਮਨੀ ਬਰਾਮਦ ਕੀਤੀ।