ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਇਨਸਾਫ਼, ਕਾਤਲ ਨੂੰ ਉਮਰ ਕੈਦ

ਨਿਊਜ਼ ਪੰਜਾਬ

4 ਅਪ੍ਰੈਲ 2026

ਨਿਊਜ਼ੀਲੈਂਡ ਦੇ ਡੁਨੇਡਿਨ ਦੀ ਅਦਾਲਤ ਨੇ ਲੁਧਿਆਣਾ ਦੇ ਨੌਜਵਾਨ ਗੁਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਸਾਲ ਬਾਅਦ ਅਹਿਮ ਫੈਸਲਾ ਸੁਣਾਉਂਦਿਆਂ ਦੋਸ਼ੀ ਰਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਦੋਸ਼ੀ ਘੱਟੋ-ਘੱਟ 17 ਸਾਲ 6 ਮਹੀਨੇ ਤੱਕ ਪੈਰੋਲ ਤੋਂ ਬਿਨਾਂ ਜੇਲ੍ਹ ਵਿੱਚ ਰਹੇਗਾ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਵੀ ਦੇਵੇਗਾ। 29 ਜਨਵਰੀ 2024 ਨੂੰ ਦੋਸ਼ੀ ਨੇ ਘਰ ਵਿੱਚ ਦਾਖਲ ਹੋ ਕੇ ਗੁਰਜੀਤ ‘ਤੇ 46 ਵਾਰ ਚਾਕੂ ਨਾਲ ਹਮਲਾ ਕਰਕੇ ਨਿਰਦਈ ਤਰੀਕੇ ਨਾਲ ਕਤਲ ਕਰ ਦਿੱਤਾ ਸੀ। ਇਹ ਦਰਦਨਾਕ ਘਟਨਾ ਉਸ ਸਮੇਂ ਹੋਈ ਜਦੋਂ ਗੁਰਜੀਤ ਆਪਣੀ ਨਵੀਂ ਵਿਆਹਸ਼ੁਦਾ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਸੀ। ਅਦਾਲਤੀ ਫੈਸਲੇ ਨਾਲ ਪਰਿਵਾਰ ਨੂੰ ਕੁਝ ਹੱਦ ਤੱਕ ਇਨਸਾਫ਼ ਮਿਲਿਆ ਹੈ, ਪਰ ਇਸ ਘਟਨਾ ਨੇ ਪਰਿਵਾਰ ਨੂੰ ਜਜ਼ਬਾਤੀ ਅਤੇ ਆਰਥਿਕ ਤੌਰ ‘ਤੇ ਗਹਿਰਾ ਝਟਕਾ ਦਿੱਤਾ ਹੈ।