“ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੂੰ ਵੱਡੀ ਰਾਹਤ: ਕੇਂਦਰ ਸਰਕਾਰ ਨੇ NSA ਤਹਿਤ ਨਜ਼ਰਬੰਦੀ ਤੁਰੰਤ ਰੱਦ ਕੀਤੀ

ਨਿਊਜ਼ ਪੰਜਾਬ

14 ਮਾਰਚ 2026

ਕੇਂਦਰ ਸਰਕਾਰ ਨੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੂੰ ਵੱਡੀ ਰਾਹਤ ਦਿੰਦਿਆਂ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਤਹਿਤ ਲਗਾਈ ਗਈ ਉਨ੍ਹਾਂ ਦੀ ਨਜ਼ਰਬੰਦੀ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਅਦਾਲਤ ਇਸ ਹਫ਼ਤੇ ਵਾਂਗਚੁਕ ਦੇ ਭਾਸ਼ਣਾਂ ਦੇ ਵੀਡੀਓ ਦੇਖੇਗੀ ਅਤੇ 17 ਮਾਰਚ ਨੂੰ ਉਨ੍ਹਾਂ ਦੀ ਨਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਜਸਟਿਸ ਅਰਵਿੰਦ ਕੁਮਾਰ ਅਤੇ ਪੀ.ਬੀ. ਵਰਾਲੇ ਦੀ ਬੈਂਚ ਨੇ ਰਜਿਸਟਰਾਰ ਨੂੰ ਵੀਡੀਓ ਸਕ੍ਰੀਨਿੰਗ ਲਈ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਸਨ। ਦੂਜੇ ਪਾਸੇ ਕੇਂਦਰ ਸਰਕਾਰ ਅਤੇ ਲੱਦਾਖ ਪ੍ਰਸ਼ਾਸਨ ਦੀ ਪੱਖੋਂ ਪੇਸ਼ ਵਧੀਕ ਸਾਲਿਸਟਰ ਜਨਰਲ ਕੇ.ਐਮ. ਨਟਰਾਜ ਨੇ ਦੱਸਿਆ ਕਿ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਸੀ, ਜਦਕਿ ਪਟੀਸ਼ਨਰ ਗੀਤਾਂਜਲੀ ਜੇ ਅੰਗਮੋ ਦੀ ਪੱਖੋਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਵਾਰ-ਵਾਰ ਸੁਣਵਾਈ ਟਲਣ ਨਾਲ ਦੇਸ਼ ਨੂੰ ਗਲਤ ਸੁਨੇਹਾ ਜਾ ਰਿਹਾ ਹੈ।