2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਤਿਆਰੀ ਤੇਜ਼, ‘ਜਨਤਾ ਦਾ ਮੈਨੀਫੈਸਟੋ’ ਬਣਾਉਣ ਦਾ ਐਲਾਨ

ਨਿਊਜ਼ ਪੰਜਾਬ

22 ਅਗਸਤ,2026

ਪੰਜਾਬ ਕਾਂਗਰਸ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਤੇਜ਼ ਕਰਦਿਆਂ ਚੰਡੀਗੜ੍ਹ ਵਿੱਚ ਮੈਨੀਫੈਸਟੋ ਕਮੇਟੀ ਦੀ ਪਹਿਲੀ ਅਹਿਮ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਨੇ ਕੀਤੀ। ਇਸ ਦੌਰਾਨ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ ਅਤੇ ਹਰਦਿਆਲ ਸਿੰਘ ਕੰਬੋਜ ਸਮੇਤ ਹੋਰ ਆਗੂਆਂ ਨੇ ਚੋਣ ਮੈਨੀਫੈਸਟੋ ਦੀ ਰੂਪ-ਰੇਖਾ ’ਤੇ ਵਿਚਾਰ-ਵਟਾਂਦਰਾ ਕੀਤਾ।

ਕਮੇਟੀ ਨੇ ਫੈਸਲਾ ਕੀਤਾ ਕਿ ਇਸ ਵਾਰ ਮੈਨੀਫੈਸਟੋ ਸਿਰਫ਼ ਪਾਰਟੀ ਆਗੂਆਂ ਵੱਲੋਂ ਬੰਦ ਕਮਰਿਆਂ ਵਿੱਚ ਤਿਆਰ ਨਹੀਂ ਕੀਤਾ ਜਾਵੇਗਾ, ਸਗੋਂ ਇਸ ਨੂੰ ‘ਜਨਤਾ ਦਾ ਮੈਨੀਫੈਸਟੋ’ ਬਣਾਇਆ ਜਾਵੇਗਾ। ਇਸ ਲਈ ਕਾਂਗਰਸ ਆਗੂ ਪੰਜਾਬ ਭਰ ਵਿੱਚ ਲੋਕਾਂ, ਉਦਯੋਗਪਤੀਆਂ, ਕਰਮਚਾਰੀ ਯੂਨੀਅਨਾਂ, ਸਮਾਜਿਕ ਅਤੇ ਆਰਥਿਕ ਸੰਗਠਨਾਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਇਕੱਠੇ ਕਰਨਗੇ।

ਡਾ. ਅਮਰ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਵਿੱਚ ਪੰਜਾਬ ਦੇ ਲੋਕਾਂ ਦੀਆਂ ਅਸਲ ਤਰਜੀਹਾਂ, ਰੁਜ਼ਗਾਰ, ਉਦਯੋਗ, ਆਰਥਿਕਤਾ, ਬੁਨਿਆਦੀ ਢਾਂਚੇ ਅਤੇ ਪੇਂਡੂ-ਸ਼ਹਿਰੀ ਖੇਤਰਾਂ ਨਾਲ ਜੁੜੇ ਮੁੱਦਿਆਂ ਨੂੰ ਥਾਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਕਸਦ ਸਿਰਫ਼ ਚੋਣੀ ਵਾਅਦੇ ਕਰਨਾ ਨਹੀਂ, ਸਗੋਂ ਪੰਜਾਬ ਦੀਆਂ ਡੂੰਘੀਆਂ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦੇ ਵਿਹਾਰਕ ਅਤੇ ਲੰਬੇ ਸਮੇਂ ਦੇ ਹੱਲ ਲੱਭਣਾ ਹੈ।

ਇਸ ਦੌਰਾਨ ਸੀਨੀਅਰ ਆਗੂ ਸੁਖਬਿੰਦਰ ਸਿੰਘ ਸਰਕਾਰੀਆ ਦੀ ਮੀਟਿੰਗ ਵਿੱਚ ਗੈਰ-ਮੌਜੂਦਗੀ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਕਾਂਗਰਸ ਵੱਲੋਂ ਹੁਣ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਮੈਨੀਫੈਸਟੋ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ।