ਸਿੱਕਿਮ ਸੁਰੰਗ ਹਾਦਸਾ: ਜ਼ਮੀਨ ਖਿਸਕਣ ਨਾਲ 27 ਮਜ਼ਦੂਰ ਫਸੇ, 8 ਦੀ ਮੌਤ

ਨਿਊਜ਼ ਪੰਜਾਬ

21 ਜੁਲਾਈ,2026

ਸਿੱਕਿਮ ਦੇ ਨਾਮਚੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ ਸੁਰੰਗ ਦੇ ਪ੍ਰਵੇਸ਼ ਦੁਆਰ ‘ਤੇ ਜ਼ਮੀਨ ਖਿਸਕਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਕਈ ਮਜ਼ਦੂਰ ਅੰਦਰ ਫਸ ਗਏ। ਜਾਣਕਾਰੀ ਅਨੁਸਾਰ ਸੁਰੰਗ ਵਿੱਚ ਕੁੱਲ 27 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 8 ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਬਾਕੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੰਗੀ ਪੱਧਰ ‘ਤੇ ਬਚਾਅ ਕਾਰਜ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਮਜ਼ਦੂਰਾਂ ਦੀ ਸਹੀ ਗਿਣਤੀ ਦੀ ਅਜੇ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਬਚਾਅ ਕਾਰਜਾਂ ਵਿੱਚ ਸਭ ਤੋਂ ਵੱਡੀ ਰੁਕਾਵਟ ਸੁਰੰਗ ਅੰਦਰ ਮੀਥੇਨ ਗੈਸ ਲੀਕ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਗੈਸ ਕਾਰਨ ਕਈ ਬਚਾਅ ਕਰਮਚਾਰੀਆਂ ਨੂੰ ਚੱਕਰ ਆਉਣ ਲੱਗੇ ਅਤੇ ਕੁਝ ਬੇਹੋਸ਼ ਵੀ ਹੋ ਗਏ, ਜਿਸ ਨਾਲ ਰਾਹਤ ਕਾਰਜ ਹੋਰ ਮੁਸ਼ਕਿਲ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਪੱਛਮੀ ਬੰਗਾਲ ਤੋਂ ਗੈਸ ਵਿਰੋਧੀ ਉਪਕਰਣਾਂ ਨਾਲ ਲੈਸ ਵਿਸ਼ੇਸ਼ ਬਚਾਅ ਟੀਮ ਵੀ ਬੁਲਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੰਗ ਅੰਦਰ ਸੀਮਤ ਜਗ੍ਹਾ, ਮਾੜੀ ਰੌਸ਼ਨੀ ਅਤੇ ਜ਼ਹਿਰੀਲੀ ਗੈਸ ਬਚਾਅ ਮੁਹਿੰਮ ਨੂੰ ਬਹੁਤ ਚੁਣੌਤੀਪੂਰਨ ਬਣਾ ਰਹੇ ਹਨ। ਐਂਬੂਲੈਂਸਾਂ ਨੂੰ ਐਮਰਜੈਂਸੀ ਲਈ ਤਿਆਰ ਰੱਖਿਆ ਗਿਆ ਹੈ ਅਤੇ ਗੈਸ ਮਾਸਕ ਪਹਿਨੀਆਂ ਟੀਮਾਂ ਲਗਾਤਾਰ ਫਸੇ ਹੋਏ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਸੁਰੰਗ ਤੀਸਤਾ ਸਟੇਜ-6 ਹਾਈਡ੍ਰੋਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਬਣਾਈ ਜਾ ਰਹੀ ਸੀ। ਸਾਰਿਆਂ ਦੀਆਂ ਨਜ਼ਰਾਂ ਹੁਣ ਬਚਾਅ ਮੁਹਿੰਮ ‘ਤੇ ਟਿਕੀਆਂ ਹੋਈਆਂ ਹਨ ।