ਬੱਸ ਨੂੰ ਅੱਗ ਲੱਗਣ ਨਾਲ 20 ਯਾਤਰੂਆਂ ਦੀ ਮੌਤ – ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟਾਇਆ 

ਨਵੀਂ ਦਿੱਲੀ, 24 ਅਕਤੂਬਰ – ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਅੱਜ ਤੜਕਸਾਰ ਇੱਕ ਵੱਡਾ ਹਾਦਸਾ ਵਾਪਰਿਆ ਗਿਆ । ਹੈਦਰਾਬਾਦ ਤੋਂ ਬੰਗਲੌਰ ਜਾ ਰਹੀ ਇੱਕ ਬੱਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ।

ਰਿਪੋਰਟਾਂ ਅਨੁਸਾਰ, ਕੁਰਨੂਲ ਦੇ ਉਪਨਗਰ ਚਿਨਾਟੇਕੁਰ ਵਿੱਚ ਨੈਸ਼ਨਲ ਹਾਈਵੇਅ 44 ‘ਤੇ ਕਾਵੇਰੀ ਟਰੈਵਲਜ਼ ਦੀ ਇੱਕ ਬੱਸ ਨੂੰ ਅੱਗ ਲੱਗ ਗਈ।  ਹਾਦਸੇ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੁੱਖ ਪ੍ਰਗਟ ਕੀਤਾ ਹੈ।  ਹਾਦਸੇ ਵਿੱਚ ਲਗਭਗ 19 ਯਾਤਰੀ, ਦੋ ਬੱਚੇ ਅਤੇ ਦੋ ਡਰਾਈਵਰ ਬਚ ਗਏ। ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕਰਦਿਆਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਅਤੇ ਜਖ਼ਮੀਆਂ ਨੂੰ ਪੰਜਾਹ ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ

ਕੁਰਨੂਲ ਦੇ ਜ਼ਿਲ੍ਹਾ ਕੁਲੈਕਟਰ ਡਾ. ਏ. ਸਿਰੀ ਨੇ ਮੀਡੀਆ ਨੂੰ ਦੱਸਿਆ ਕਿ ਹਾਦਸਾ ਸਵੇਰੇ 3 ਤੋਂ 3:10 ਵਜੇ ਦੇ ਵਿਚਕਾਰ ਵਾਪਰਿਆ ਜਦੋਂ ਬੱਸ ਇੱਕ ਮੋਟਰ ਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਡੀਜਲ ਲੀਕ ਹੋ ਗਿਆ ਅਤੇ ਅੱਗ ਲੱਗ ਗਈ। 41 ਯਾਤਰੀਆਂ ਵਿੱਚੋਂ 21 ਨੂੰ ਸੁਰੱਖਿਅਤ ਬਚਾ ਲਿਆ ਗਿਆ। ਬਾਕੀ 20 ਵਿੱਚੋਂ ਹੁਣ ਤੱਕ 11 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਬਾਕੀਆਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਪੁਲਿਸ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਬੱਸ ਦਾ ਦਰਵਾਜ਼ਾ ਜਾਮ ਹੋ ਗਿਆ, ਅਤੇ ਗੱਡੀ ਮਿੰਟਾਂ ਵਿੱਚ ਹੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਜ਼ਿਆਦਾਤਰ ਬਚੇ ਲੋਕਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਸੀ। ਮ੍ਰਿਤਕਾਂ ਵਿੱਚ ਮੋਟਰਸਾਈਕਲ ਸਵਾਰ ਸ਼ਾਮਲ ਸਨ। ਪੁਲਿਸ ਨੇ ਹੁਣ ਤੱਕ 11 ਲਾਸ਼ਾਂ ਦੀ ਪਛਾਣ ਕੀਤੀ ਹੈ।