ਐਟਲਸ ਸਾਇਕਲ ਦੁਬਾਰਾ ਹੋਵੇਗਾ ਚਾਲੂ – ਕੰਪਨੀ ਨੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਦਿੱਤਾ ਭਰੋਸਾ – ਪੰਜਾਬ ਵਿੱਚ ਲੱਗ ਸਕਦੀ ਹੈ ਫੈਕਟਰੀ
ਨਿਊਜ਼ ਪੰਜਾਬ
ਲੁਧਿਆਣਾ , 10 ਜੂਨ – ਪਿੱਛਲੇ ਹਫਤੇ ਬੰਦ ਹੋਇਆ ਵਿਸ਼ਵ ਦਾ ਪ੍ਰਸਿੱਧ ਐਟਲਸ ਸਾਈਕਲ ਅਗਲੇ ਕੁਝ ਦਿਨਾਂ ਵਿੱਚ ਮੁੜ ਚਾਲੂ ਹੋ ਸਕਦਾ ਹੈ | 3 ਜੂਨ ਨੂੰ ਆਰਥਿਕ ਤੰਗੀਆਂ ਕਾਰਨ ਬੰਦ ਹੋਏ ਸਾਹਿਬਾਬਾਦ ( ਯੂ ਪੀ ) ਵਿਚਲੇ ਐਟਲਸ ਸਾਇਕਲ ਇੰਡਸਟਰੀਜ਼ ਨੂੰ ਦੁਬਾਰਾ ਵਰਕਿੰਗ ਵਿੱਚ ਲਿਆਉਣ ਲਈ ਪ੍ਰਬੰਧਕ ਸਹਿਮਤ ਹੋ ਗਏ ਹਨ |
ਕੰਪਨੀ 35 ਏਕੜ ਵੇਚਣ ਲਈ ਤਿਆਰ
ਸੂਤਰਾਂ ਅਨੁਸਾਰ ਕੰਪਨੀ ਆਪਣੀਆਂ ਦੇਣਦਾਰੀਆ ਦੇਣ ਵਾਸਤੇ ਕੰਪਨੀ ਦੀ 35 ਏਕੜ ਜ਼ਮੀਨ ਵੇਚਣਾ ਚਾਹੁੰਦੀ ਹੈ ਜਿਸ ਦੀ ਨੈਸ਼ਨਲ ਕੰਪਨੀ ਲਾਅ ਟ੍ਰਿਬ੍ਯੂਨਲ ( NCLT ) ਕੋਲੋਂ ਇਜ਼ਾਜ਼ਤ ਮੰਗੀ ਗਈ ਹੈ ਜਿਸ ਵਿੱਚੋ 10 ਏਕੜ ਜ਼ਮੀਨ ਵੇਚਣ ਦੇ ਅਧਿਕਾਰ ਪਹਿਲਾਂ ਹੀ ਕੰਪਨੀ ਕੋਲ ਹਨ ਜਦੋ ਕਿ 25 ਏਕੜ ਬਾਕੀ ਜ਼ਮੀਨ ਦਾ ਫੈਂਸਲਾ 18 ਜੂਨ ਨੂੰ ਹੋਵੇਗਾ | ਇਸ ਜ਼ਮੀਨ ਦੀ ਕੀਮਤ 200 ਕਰੋੜ ਰੁਪਏ ਤੋਂ ਵਧੇਰੇ ਦੱਸੀ ਜਾਂਦੀ ਹੈ ਜਦੋ ਕਿ ਕੰਪਨੀ ਦੀਆਂ ਦੇਣਦਾਰੀਆ ਇਸ ਤੋਂ ਘੱਟ ਹੀ ਹਨ |
ਲੁਧਿਆਣਾ ਨਾਲ ਹੈ ਵੱਡਾ ਸਬੰਧ
ਐਟਲਸ ਕੰਪਨੀ ਵਲੋਂ ਸਾਇਕਲ ਦਾ 80 ਪ੍ਰਤੀਸ਼ਤ ਦੇ ਕਰੀਬ ਸਾਜ਼ੋ -ਸਮਾਨ ਲੁਧਿਆਣਾ ਦੇ ਸਨਅਤਕਾਰਾਂ ਤੋਂ ਹੀ ਖਰੀਦਿਆ ਜਾਂਦਾ ਹੈ | ਕੰਪਨੀ ਦੇ ਮੁੱਖ ਪ੍ਰਬੰਧਕਾਂ ਵਿੱਚੋ ਸ਼੍ਰੀ ਗਰੀਸ਼ ਕਪੂਰ ਅਤੇ ਸ਼੍ਰੀ ਗੌਤਮ ਕਪੂਰ ਦੀ ਲੁਧਿਆਣਾ ਦੇ ਸਨਅਤਕਾਰਾਂ ਨਾਲ ਨਿਜ਼ੀ ਨੇੜਤਾ ਹੈ ਜਿਸ ਕਾਰਨ ਇਸ ਮੁਸ਼ਕਲ ਸਮੇ ਵਿੱਚ ਉਹ ਐਟਲਸ ਸਾਇਕਲ ਨੂੰ ਦੁਬਾਰਾ ਚਾਲੂ ਕਰਨ ਲਈ ਸਾਥ ਦੇ ਰਹੇ ਹਨ | ਲੁਧਿਆਣਾ ਦੀਆਂ 60 ਤੋਂ 70 ਸਨਅਤੀ ਇਕਾਈਆਂ ਐਟਲਸ ਨਾਲ ਕਾਰੋਬਾਰ ਕਰ ਰਹੀਆਂ ਹਨ |
1951 ਵਿੱਚ ਐਟਲਸ ਸਾਇਕਲ
ਇਸ ਸਮੇ ਇੱਕ ਲੱਖ ਸਾਇਕਲ ਹਰ ਮਹੀਨੇ ਤਿਆਰ ਕਰਨ ਵਾਲੀ ਕੰਪਨੀ ਨੂੰ 1951 ਵਿੱਚ ਸ਼੍ਰੀ ਜਾਨਕੀ ਦਾਸ ਕਪੂਰ ਨੇ ਸੋਨੀਪਤ ਤੋਂ ਸ਼ੁਰੂ ਕੀਤਾ ਸੀ | ਦੁਨੀਆਂ ਦਾ ਨੰਬਰ ਇੱਕ ਰਿਹਾ ਐਟਲਸ 1958 ਤੋਂ ਸਾਇਕਲਾਂ ਦੀ ਐਕਸਪੋਰਟ ਕਰ ਰਿਹਾ ਹੈ | 1978 ਵਿੱਚ ਐਟਲਸ ਵਲੋਂ ਪਹਿਲਾ ਰੇਸੀ ਸਾਇਕਲ ਤਿਆਰ ਕੀਤਾ ਗਿਆ ਸੀ | ਮਜ਼ਬੂਤ ਸਾਇਕਲ ਵਜੋਂ ਜਾਣੇ ਜਾਂਦੇ ਐਟਲਸ ਸਾਇਕਲ ਦੀ ਪਰਿਵਾਰਕ ਵੰਡ ਕਾਰਨ ਕੰਪਨੀ ਦੀ ਸਥਿਤੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ ਸੀ |
ਪਰਵਾਰਿਕ ਵੰਡ ਤੋਂ ਬਾਅਦ 2 ਯੂਨਿਟ ਬੰਦ ਹੋ ਚੁਕੇ ਹਨ
ਐਟਲਸ ਦਾ ਮਾਲਨਪੁਰ ( ਮੱਧ ਪ੍ਰਦੇਸ਼ ) ਯੂਨਿਟ 2013 ਵਿੱਚ ਬੰਦ ਹੋ ਗਿਆ ਸੀ ਜਦੋ ਕਿ ਸੋਨੀਪਤ ਯੂਨਿਟ ਵੀ 2017 ਵਿੱਚ ਬੰਦ ਕਰਨਾ ਪਿਆ | ਇਸ ਸਮੇ ਸਿਰਫ ਸਾਹਿਬਾਬਾਦ ਵਾਲਾ ਯੂਨਿਟ ਹੀ ਚਲ ਰਿਹਾ ਸੀ ਜੋ ਵਿਸ਼ਵ ਸਾਇਕਲ ਦਿਵਸ ਵਾਲੇ ਦਿਨ 3 ਜੂਨ ਨੂੰ ਬੰਦ ਹੋ ਗਿਆ | ਐਟਲਸ ਸਾਇਕਲ ਦੇ ਬੰਦ ਹੋਣ ਤੋਂ ਬਾਅਦ ਸਾਈਕਲ ਪ੍ਰੇਮੀਆਂ ਅਤੇ ਸਨਅਤਕਾਰਾਂ ਨੂੰ ਵੱਡੀ ਨਿਰਾਸ਼ਤਾ ਹੋਈ |
ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀ ਭਾਵਨਾ
ਭਾਰਤ ਸਰਕਾਰ ਤੋਂ ਇਲਾਵਾ ਯੂ ਪੀ ਸਰਕਾਰ ਵੀ ਬੰਦ ਹੋਏ ਐਟਲਸ ਸਾਇਕਲ ਨੂੰ ਹਰ ਹਾਲਤ ਵਿੱਚ ਚਲਾਉਣਾ ਚਹੁੰਦੀ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਵੀ ਖਾਸ਼ ਪ੍ਰਗਟ ਕੀਤੀ ਹੈ ਕਿ ਜੇ ਐਟਲਸ ਸਾਇਕਲ ਪੰਜਾਬ ਵਿੱਚ ਆਪਣਾ ਯੂਨਿਟ ਸਥਾਪਤ ਕਰਨਾ ਚਾਹਵੇ ਤਾ ਉਸ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ | ਸਾਇਕਲ ਦੇ ਬਹੁਤੇ ਹਿੱਸੇ – ਪੁਰਜ਼ੇ ਪਹਿਲਾ ਹੀ ਪੰਜਾਬ ਤੋਂ ਜਾ ਰਹੇ ਹਨ |