
ਮੌਸਮ ਵਿਭਾਗ ਨੇ ਚੇਤਾਵਨੀ ਜ਼ਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਵਿਗੜਨ ਵਾਲਾ ਹੈ।
ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਗੜਬੜੀਆਂ ਸਰਗਰਮ ਹੋਣਗੀਆਂ, ਜਿਸ ਨਾਲ ਮੀਂਹ, ਧੁੰਦ ਅਤੇ ਠੰਢ ਦਾ ਪ੍ਰਭਾਵ ਵਧੇਗਾ। ਪਹਿਲਾ ਪੱਛਮੀ ਗੜਬੜ ਸੋਮਵਾਰ ਨੂੰ ਸਰਗਰਮ ਹੋਵੇਗਾ, ਜਿਸ ਨਾਲ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ ਇੱਕ ਦਿਨ ਮੌਸਮ ਖੁਸ਼ਕ ਰਹੇਗਾ, ਪਰ ਦੂਜਾ ਪੱਛਮੀ ਗੜਬੜੀ 22 ਅਤੇ 23 ਜਨਵਰੀ ਨੂੰ ਆਪਣਾ ਪ੍ਰਭਾਵ ਪਾਵੇਗੀ।
ਉੱਤਰੀ ਭਾਰਤ ਵਿੱਚ ਸਰਦੀ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ।ਅੱਜ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਸੜਕਾਂ ਉੱਤੇ ਵਿਜ਼ੀਬਿਲਟੀ ਕਾਫੀ ਘੱਟ ਰਹੀ। ਸਵੇਰੇ ਸ਼ਾਮ ਧੁੰਦ ਦਾ ਅਸਰ ਵਧੇਰੇ ਰਹੇਗਾ
ਮੌਸਮ ਵਿਭਾਗ ਅਨੁਸਾਰ ਲੁਧਿਆਣਾ ਵਿੱਚ ਅੱਜ ਘੱਟੋ-ਘੱਟ ਤਾਪਮਾਨ 5 ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 12 ਤੋਂ 13 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ। ਕੁਝ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਧੁੰਦ ਸਭ ਤੋਂ ਵੱਧ ਸੀ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਸੀ, ਜਦੋਂ ਕਿ ਫਰੀਦਕੋਟ ਵਿੱਚ 15 ਮੀਟਰ, ਪਟਿਆਲਾ ਅਤੇ ਗੁਰਦਾਸਪੁਰ ਵਿੱਚ 20 ਮੀਟਰ, ਬਠਿੰਡਾ ਵਿੱਚ 40 ਮੀਟਰ ਅਤੇ ਲੁਧਿਆਣਾ ਵਿੱਚ 50 ਮੀਟਰ ਦਰਜ ਕੀਤਾ ਗਿਆ।
ਸੂਬੇ ਦਾ ਘੱਟੋ-ਘੱਟ ਤਾਪਮਾਨ ਔਸਤਨ 1.8 ਡਿਗਰੀ ਸੈਲਸੀਅਸ ਵਧਿਆ, ਹਾਲਾਂਕਿ ਇਹ ਅਜੇ ਵੀ ਆਮ ਦੇ ਆਸ-ਪਾਸ ਰਿਹਾ। ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਤਾਪਮਾਨ ਆਮ ਤੋਂ ਘੱਟ ਦਰਜ ਕੀਤਾ ਗਿਆ। ਅੰਮ੍ਰਿਤਸਰ 4.4 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 5.8 ਡਿਗਰੀ, ਪਟਿਆਲਾ ਵਿੱਚ 6.4, ਬਠਿੰਡਾ ਵਿੱਚ 5.0, ਫਰੀਦਕੋਟ ਵਿੱਚ 5.5, ਗੁਰਦਾਸਪੁਰ ਵਿੱਚ 5.0, ਐਸਬੀਐਸ ਨਗਰ ਵਿੱਚ 5.7 ਅਤੇ ਹੁਸ਼ਿਆਰਪੁਰ ਵਿੱਚ 6.4 ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 2.8 ਡਿਗਰੀ ਵਧਿਆ, ਜੋ ਆਮ ਨਾਲੋਂ 1.7 ਡਿਗਰੀ ਵੱਧ ਹੈ। ਰੂਪਨਗਰ ਵਿੱਚ ਸਭ ਤੋਂ ਵੱਧ ਤਾਪਮਾਨ 22.6 ਡਿਗਰੀ ਦਰਜ ਕੀਤਾ ਗਿਆ।
