ਉੱਤਰ ਭਾਰਤ ਸਣੇ ਪੰਜਾਬ ’ਚ ਮੌਸਮ ਦਾ ਕਹਿਰ: ਮੀਂਹ, ਬਰਫ਼ਬਾਰੀ ਅਤੇ ਸੰਘਣੀ ਧੁੰਦ ਦੀ ਚੇਤਾਵਨੀ

ਨਿਊਜ਼ ਪੰਜਾਬ

18 ਜਨਵਰੀ 2026

ਉੱਤਰ ਭਾਰਤ ਸਮੇਤ ਪੰਜਾਬ ਵਿੱਚ ਕੜਾਕੇ ਦੀ ਠੰਢ ਦੌਰਾਨ ਮੌਸਮ ਇਕ ਵਾਰ ਫਿਰ ਕਰਵਟ ਲੈਣ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 19 ਅਤੇ 21 ਜਨਵਰੀ ਦੀ ਰਾਤ ਨੂੰ ਦੋ ਪੱਛਮੀ ਗੜਬੜੀਆਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨਗੀਆਂ। ਇਸ ਕਾਰਨ 18 ਤੋਂ 22 ਜਨਵਰੀ ਤੱਕ ਜੰਮੂ–ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਖਿੰਡ-ਪੁੰਡ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 23 ਜਨਵਰੀ ਨੂੰ ਭਾਰੀ ਮੀਂਹ ਅਤੇ ਭਾਰੀ ਬਰਫ਼ਬਾਰੀ ਦੀ ਉਮੀਦ ਜਤਾਈ ਗਈ ਹੈ।

ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਗੜਬੜੀਆਂ ਸਰਗਰਮ ਹੋਣਗੀਆਂ, ਜਿਸ ਨਾਲ ਮੀਂਹ, ਧੁੰਦ ਅਤੇ ਠੰਢ ਦਾ ਅਸਰ ਹੋਰ ਵਧੇਗਾ। ਪਹਿਲੀ ਪੱਛਮੀ ਗੜਬੜ ਸੋਮਵਾਰ ਨੂੰ ਸਰਗਰਮ ਹੋਵੇਗੀ, ਜਿਸ ਨਾਲ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਤੋਂ ਬਾਅਦ ਇੱਕ ਦਿਨ ਲਈ ਮੌਸਮ ਖੁਸ਼ਕ ਰਹੇਗਾ, ਪਰ 22 ਅਤੇ 23 ਜਨਵਰੀ ਨੂੰ ਦੂਜੀ ਪੱਛਮੀ ਗੜਬੜੀ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਲਿਆ ਸਕਦੀ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ।ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਅਤੇ ਕੁਝ ਜ਼ਿਲ੍ਹਿਆਂ ਲਈ ਪੀਲਾ ਅਲਰਟ ਲਾਗੂ ਕੀਤਾ ਗਿਆ ਹੈ। ਸ਼ਨੀਵਾਰ ਨੂੰ ਧੁੰਦ ਸਭ ਤੋਂ ਜ਼ਿਆਦਾ ਗੰਭੀਰ ਦਰਜ ਕੀਤੀ ਗਈ।

ਉੱਥੇ ਹੀ, ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਔਸਤਨ 1.8 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਹਾਲਾਂਕਿ ਇਹ ਆਮ ਦੇ ਆਸ-ਪਾਸ ਹੀ ਰਿਹਾ। ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ, ਜਦਕਿ ਅੰਮ੍ਰਿਤਸਰ 4.4 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਠੰਡਾ ਜ਼ਿਲ੍ਹਾ ਰਿਹਾ।