ਨਿਊਜ਼ ਪੰਜਾਬ
6 ਮਾਰਚ 2026
ਅਸਮ ਦੇ ਕਾਰਬੀ ਆਂਗਲੋਂਗ ਇਲਾਕੇ ਵਿੱਚ ਟ੍ਰੇਨਿੰਗ ਦੌਰਾਨ ਰਡਾਰ ਤੋਂ ਲਾਪਤਾ ਹੋਇਆ ਭਾਰਤੀ ਹਵਾਈ ਫੌਜ ਦਾ ਸੁਖੋਈ Su-30MKI ਫਾਈਟਰ ਜੈੱਟ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ‘ਤੇ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਜਹਾਜ਼ ਵਿੱਚ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਅਤੇ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਾਗਕਰ ਸਵਾਰ ਸਨ। ਭਾਰਤੀ ਹਵਾਈ ਫੌਜ ਨੇ ਬੀਤੀ ਰਾਤ 1 ਵਜੇ 9 ਮਿੰਟ ‘ਤੇ ਜੈੱਟ ਦੇ ਕ੍ਰੈਸ਼ ਹੋਣ ਦੀ ਪੁਸ਼ਟੀ ਕੀਤੀ, ਜਦਕਿ ਅੱਜ ਸਵੇਰੇ ਦੋਵੇਂ ਪਾਇਲਟਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ। ਹਵਾਈ ਫੌਜ ਮੁਤਾਬਕ ਹਾਦਸੇ ਸਮੇਂ ਜਹਾਜ਼ ਨਿਯਮਿਤ ਟ੍ਰੇਨਿੰਗ ਉਡਾਣ ‘ਤੇ ਸੀ ਅਤੇ ਇਸ ਦੌਰਾਨ ਉਸ ਦਾ ਗਰਾਊਂਡ ਕੰਟਰੋਲ ਨਾਲ ਸੰਪਰਕ ਟੁੱਟ ਗਿਆ। ਰਡਾਰ ਨਾਲ ਸੰਪਰਕ ਟੁੱਟਣ ਮਗਰੋਂ ਤੁਰੰਤ ਅਲਰਟ ਜਾਰੀ ਕਰਕੇ ਹਵਾਈ ਫੌਜ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਕਾਰਨਾਂ ਅਤੇ ਜਹਾਜ਼ ਦੀ ਸਟੀਕ ਸਥਿਤੀ ਬਾਰੇ ਜਾਂਚ ਕੀਤੀ ਜਾ ਰਹੀ ਹੈ। Su-30MKI ਭਾਰਤੀ ਹਵਾਈ ਫੌਜ ਦੇ ਸਭ ਤੋਂ ਤਾਕਤਵਰ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਹੈ, ਜੋ ਦੋ ਇੰਜਣਾਂ ਵਾਲਾ ਮਲਟੀਰੋਲ ਫਾਈਟਰ ਜੈੱਟ ਹੈ ਅਤੇ ਇਸਦਾ ਇਸਤੇਮਾਲ ਲੰਬੀ ਦੂਰੀ ਦੀ ਸਟ੍ਰਾਈਕ, ਰੱਖਿਆ ਅਤੇ ਨਿਗਰਾਨੀ ਵਰਗੇ ਮਹੱਤਵਪੂਰਨ ਮਿਸ਼ਨਾਂ ਲਈ ਕੀਤਾ ਜਾਂਦਾ ਹੈ।
