ਨਿਊਜ਼ ਪੰਜਾਬ
6 ਮਾਰਚ 2026
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 7 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਵੇਂ ਰਾਜਪਾਲ ਅਤੇ ਉਪ ਰਾਜਪਾਲ ਨਿਯੁਕਤ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਵੱਡੇ ਪ੍ਰਸ਼ਾਸਕੀ ਫੈਸਲੇ ਦੇ ਤਹਿਤ 7 ਰਾਜਪਾਲਾਂ ਅਤੇ 2 ਉਪ ਰਾਜਪਾਲਾਂ ਦੇ ਤਬਾਦਲੇ ਕੀਤੇ ਹਨ। ਇਸ ਦੌਰਾਨ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਤਮਿਲਨਾਡੂ ਦੇ ਰਾਜਪਾਲ ਰਹੇ ਆਰ.ਐਨ. ਰਵੀ ਨੂੰ ਬੰਗਾਲ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਵਿੰਦਰ ਗੁਪਤਾ ਨੂੰ ਹਿਮਾਚਲ ਪ੍ਰਦੇਸ਼, ਸ਼ਿਵ ਪ੍ਰਤਾਪ ਸ਼ੁਕਲਾ ਨੂੰ ਤੇਲੰਗਾਨਾ, ਨੰਦਕਿਸ਼ੋਰ ਯਾਦਵ ਨੂੰ ਨਾਗਾਲੈਂਡ, ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਤਮਿਲਨਾਡੂ, ਲੈਫਟੀਨੈਂਟ ਜਨਰਲ ਸੈਯਦ ਅਤਾ ਹਸਨੈਨ ਨੂੰ ਬਿਹਾਰ ਅਤੇ ਜਿਸ਼ਣੂ ਦੇਵ ਵਰਮਾ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਜੋ ਵਿਨੈ ਕੁਮਾਰ ਸਕਸੈਨਾ ਦੀ ਥਾਂ ਲੈਣਗੇ। ਸੰਧੂ ਭਾਰਤੀ ਵਿਦੇਸ਼ ਸੇਵਾ ਦੇ ਸੇਵਾਮੁਕਤ ਡਿਪਲੋਮੈਟ ਹਨ ਅਤੇ ਉਹ ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
