ਨਿਊਜ਼ ਪੰਜਾਬ
ਲੁਧਿਆਣਾ, 5 ਸਤੰਬਰ2025 – ਭਾਖੜਾ ਡੈਮ ਤੋਂ ਲਗਾਤਾਰ ਖ਼ਤਰੇ ਬਰਕਰਾਰ ਹਨ। ਡੈਮ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਦੂਰ ਚੱਲ ਰਿਹਾ ਹੈ। ਡੈਮ ਵਿਚੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਂਵਾਂ ‘ਤੇ ਤੇਜ਼ ਵਹਾਅ ਕਾਰਨ ਬੰਨ੍ਹਾਂ ਨੂੰ ਖਤਰਾ ਬਣਿਆ ਹੋਇਆ ਹੈ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਸਰਾਲੀ (ਲੁਧਿਆਣਾ ਪੂਰਬੀ ਖੇਤਰ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਅਲਰਟ ਜਾਰੀ ਕੀਤਾ ਹੈ ਕਿ ਇਥੇ ਬੰਨ੍ਹ ਗੰਭੀਰ ਦਬਾਅ ਹੇਠ ਹੈ। ਬੰਨ੍ਹਾਂ ਦੀ ਰੱਖਿਆ ਅਤੇ ਮਜ਼ਬੂਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
– ਜ਼ਿਲ੍ਹੇ ਦੇ ਪਿੰਡ ਸਸਰਾਲੀ (ਲੁਧਿਆਣਾ) ਨੇੜੇ ਸਤਲੁਜ ਦਰਿਆ ਦਾ ਬੰਨ੍ਹ ਬਹੁਤ ਤੇਜ਼ ਪਾਣੀ ਦੇ ਵਹਾਅ ਕਾਰਨ ਗੰਭੀਰ ਦਬਾਅ ਹੇਠ ਹੋਣ ਕਾਰਨ ਨੇੜਲੇ ਦਰਜ਼ਨਾ ਪਿੰਡਾਂ ਲਈ ਬਣੇ ਖਤਰੇ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ, ਐਨ.ਡੀ.ਆਰ.ਐਫ. ਅਤੇ ਸੈਂਕੜੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬੰਨ੍ਹ ਵਿੱਚ ਪਾੜ ਪੈਣ ਨੂੰ ਰੋਕਿਆ ਜਾ ਸਕੇ।
ਬੀਤੀ ਰਾਤ ਤੋਂ ਹੀ ਭਾਰਤੀ ਫੌਜ, ਐਨ.ਡੀ.ਆਰ.ਐਫ. ਪੰਜਾਬ ਪੁਲਿਸ ਅਤੇ ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀ ਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਾਨ ਪਿੰਡਾਂ ਦੇ ਸੈਕੜੇ ਵਾਸੀ ਬੰਨ ਦੀ ਮਜ਼ਬੂਤੀ ਲਈ ਜੁੱਟੇ ਹੋਏ ਹਨ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਮੌਕੇ ਪਹੁੰਚੇ ਅਤੇ ਧੁੱਸੀ ਬੰਨ੍ਹ ਦੇ ਮਜ਼ਬੂਤੀਕਰਨ ਦੇ ਕੰਮ ਦਾ ਨਿਰੀਖਣ ਕੀਤਾ
ਸਥਿਤੀ ਦੀ ਗੰਭੀਰਤਾ ਨੂੰ ਪਛਾਣਦੇ ਹੋਏ, ਉਨ੍ਹਾਂ ਬੰਨ੍ਹ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਜੇ.ਸੀ.ਬੀ. ਅਤੇ ਪੋਕਲੇਨ ਦੇ ਨਾਲ-ਨਾਲ ਵੱਡੀ ਮਾਤਰਾ ਵਿੱਚ ਰੇਤ, ਮਿੱਟੀ ‘ਤੇ ਪੱਥਰਾਂ ਦੀ ਚਿਣਾਈ ਕਰਕੇ ਲੋਹੇ ਦੀਆਂ ਤਾਰਾਂ ਦੇ ਜਾਲ ਲਾਏ ਜਾ ਰਹੇ ਹਨ ।
ਹਾਲਾਂਕਿ ਲੁਧਿਆਣਾ ਦੇ ਧੁੱਸੀ ਬੰਨ੍ਹ ਵਿੱਚ ਕੋਈ ਪਾੜ ਨਹੀਂ ਪਿਆ ਹੈ, ਪਰ ਦਰਿਆ ਦੇ ਪਾਣੀ ਦੀ ਤੇਜ਼ ਰਫ਼ਤਾਰ ਕਾਰਨ ਇਲਾਕੇ ਦੀ ਸੁਰੱਖਿਆ ਲਈ ਸਰਗਰਮ ਉਪਾਅ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਫੌਜ, ਐਨ.ਡੀ.ਆਰ.ਐਫ., ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਦੀਆਂ ਟੀਮਾਂ ਧੁੱਸੀ ਬੰਦ ਨੂੰ ਮਜ਼ਬੂਤ ਕਰਨ ਵਿੱਚ ਰੁੱਝੀਆਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਕਿ ਟੀਮਾਂ ਇੱਥੇ 24 ਘੰਟੇ ਕੰਮ ਕਰ ਰਹੀਆਂ ਹਨ ਉਨ੍ਹਾਂ ਵਸਨੀਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਸ਼ਾਸਨ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਨਾਜੁਕ ਸਥਿਤੀ ‘ਤੇ ਕਾਬੂ ਪਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੌਕੇ ‘ਤੇ ਪਿੰਡ ਵਾਸੀਆਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ। ਸਸਰਾਲੀ ਕਲੋਨੀ ਦੇ ਵਸਨੀਕਾਂ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ।
ਹਾਲਾਂਕਿ, ਜੇਕਰ ਬੰਨ੍ਹਾਂ ਵਿੱਚ ਕੋਈ ਚੀਰ ਜਾਂ ਨੁਕਸਾਨ ਹੁੰਦਾ ਹੈ, ਤਾਂ ਹੇਠ ਲਿਖੇ ਪਿੰਡ ਪ੍ਰਭਾਵਿਤ ਹੋ ਸਕਦੇ ਹਨ ਅਤੇ ਪਾਣੀ ਨਾਲ ਘਿਰੇ ਜਾਣ ਦਾ ਖਤਰਾ ਹੈ-
*ਸਸਰਾਲੀ,ਬੂੰਟ,ਰਾਵਤ,ਹਵਾਸ,ਸੀੜਾ,ਬੂਥਗੜ੍ਹ,ਮੰਗਲੀ ਟਾਂਡਾ,ਢੇਰੀ,ਖਵਾਜਕੇ,ਖਾਸੀ ਖੁਰਦ,ਮੰਗਲੀ ਕਾਦਰ,ਮੱਤੇਵਾੜਾ,ਮਾਂਗਟ,ਮਿਹਰਬਾਨ।*
ਰਿਹਾਇਸ਼ੀਆਂ ਲਈ ਹਦਾਇਤਾਂ:
• ਉੱਚ ਸਤਰਕਤਾ ਤੇ ਰਹੋ ਅਤੇ ਹਾਲਾਤਾਂ ‘ਤੇ ਨਜ਼ਰ ਰੱਖੋ।
• ਜੇ ਤੁਹਾਡਾ ਘਰ ਦੋ ਮੰਜ਼ਿਲਾਂ ਵਾਲਾ ਹੈ ਤਾਂ ਸੁਰੱਖਿਆ ਵਾਸਤੇ ਪਹਿਲੀ ਮੰਜ਼ਿਲ ‘ਤੇ ਰਹੋ।
• ਜੇ ਤੁਸੀਂ ਹੇਠਲੇ ਇਲਾਕੇ ਜਾਂ ਇਕ ਮੰਜ਼ਿਲੀ ਘਰ ਵਿੱਚ ਰਹਿੰਦੇ ਹੋ ਤਾਂ ਘਰ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਕੇ ਸੁਰੱਖਿਅਤ ਥਾਂ ‘ਤੇ ਚਲੇ ਜਾਓ।
• ਆਪਣੇ ਜ਼ਰੂਰੀ ਕਾਗਜ਼ਾਤ ਅਤੇ ਮਹੱਤਵਪੂਰਨ ਸਮਾਨ ਨੂੰ ਪਾਣੀ-ਰੋਧੀ ਬੈਗਾਂ ਵਿੱਚ ਰੱਖੋ ਤਾਂ ਜੋ ਜ਼ਰੂਰਤ ਪੈਣ ‘ਤੇ ਤੁਰੰਤ ਨਾਲ ਲੈ ਜਾਇਆ ਜਾ ਸਕੇ।
• ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਓ।
• ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਸਕਿਊ ਸੈਂਟਰ ਬਣਾਏ ਗਏ ਹਨ, ਜਿੱਥੇ ਲੋਕ ਜਾ ਸਕਦੇ ਹਨ।
ਐਮਰਜੈਂਸੀ ਸੰਪਰਕ ਕਰਨ ਲਈ
• ਫਲੱਡ ਕੰਟਰੋਲ ਰੂਮ: 0161-2433100
• ਪੁਲਿਸ ਹੈਲਪਲਾਈਨ: 112
