ਪੰਜਾਬ ਦੇ ਪੈਟਰੋਲ ਪੰਪਾਂ ’ਤੇ ₹2,000 ਤੋਂ ਵੱਧ ਦੀ UPI ਪੇਮੈਂਟ ਹੋ ਸਕਦੀ ਹੈ ਬੰਦ, ਡੀਲਰਾਂ ਨੇ ਦਿੱਤੀ ਹੜਤਾਲ ਦੀ ਚੇਤਾਵਨੀ

ਨਿਊਜ਼ ਪੰਜਾਬ

20 ਸਤੰਬਰ,2026

ਪੰਜਾਬ ਵਿੱਚ ਪੈਟਰੋਲ-ਡੀਜ਼ਲ ਖਰੀਦਣ ਵਾਲੇ ਲੋਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ UPI ਪੇਮੈਂਟ ’ਤੇ MDR ਲਾਗੂ ਕਰਨ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਪੈਟਰੋਲ ਪੰਪਾਂ ’ਤੇ ₹2,000 ਤੋਂ ਵੱਧ ਦੀ ਪੇਮੈਂਟ ਲਈ PhonePe, Google Pay ਅਤੇ Paytm ਵਰਗੀਆਂ UPI ਸੇਵਾਵਾਂ ਬੰਦ ਕੀਤੀਆਂ ਜਾ ਸਕਦੀਆਂ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਡੀਲਰਾਂ ਨੂੰ ਪਹਿਲਾਂ ਹੀ ਘੱਟ ਕਮਿਸ਼ਨ ਮਿਲਦਾ ਹੈ ਅਤੇ ਬਿਜਲੀ, ਸਟਾਫ, ਰੱਖ-ਰਖਾਅ ਸਮੇਤ ਕਈ ਖਰਚੇ ਲਗਾਤਾਰ ਵੱਧ ਰਹੇ ਹਨ। ਅਜਿਹੇ ਵਿੱਚ UPI ਲੈਣ-ਦੇਣ ’ਤੇ ਵਾਧੂ ਚਾਰਜ ਡੀਲਰਾਂ ਲਈ ਹੋਰ ਵਿੱਤੀ ਬੋਝ ਬਣੇਗਾ।

ਪੰਜਾਬ ਵਿੱਚ ਕਰੀਬ 4,104 ਪੈਟਰੋਲ ਪੰਪ ਹਨ ਅਤੇ UPI ਰਾਹੀਂ ਰੋਜ਼ਾਨਾ ਵੱਡੀ ਰਕਮ ਦੀਆਂ ਪੇਮੈਂਟਾਂ ਹੋਣ ਦਾ ਅਨੁਮਾਨ ਹੈ। ਜੇਕਰ ₹2,000 ਤੋਂ ਵੱਧ ਦੀ UPI ਪੇਮੈਂਟ ਬੰਦ ਕੀਤੀ ਜਾਂਦੀ ਹੈ ਤਾਂ ਕਾਰਾਂ, ਬੱਸਾਂ, ਟਰੱਕਾਂ ਅਤੇ ਹੋਰ ਕਮਰਸ਼ੀਅਲ ਵਾਹਨਾਂ ਦੇ ਮਾਲਕਾਂ ਨੂੰ ਨਕਦ ਜਾਂ ਹੋਰ ਭੁਗਤਾਨ ਦੇ ਸਾਧਨਾਂ ’ਤੇ ਨਿਰਭਰ ਹੋਣਾ ਪੈ ਸਕਦਾ ਹੈ। ਖਾਸ ਕਰਕੇ ਲੰਬੇ ਰੂਟ ’ਤੇ ਜਾਣ ਵਾਲੇ ਵਾਹਨ ਚਾਲਕਾਂ ਲਈ ਮੁਸ਼ਕਲ ਵਧ ਸਕਦੀ ਹੈ, ਕਿਉਂਕਿ ਉਹ ਅਕਸਰ ਟੈਂਕੀ ਫੁੱਲ ਕਰਵਾਉਣ ਲਈ ₹2,000 ਤੋਂ ਵੱਧ ਦੀ ਪੇਮੈਂਟ ਕਰਦੇ ਹਨ। ਐਸੋਸੀਏਸ਼ਨ ਨੇ ਸਰਕਾਰ ਤੋਂ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਅਤੇ ਮੰਗ ਨਾ ਮੰਨੇ ਜਾਣ ’ਤੇ ਹੜਤਾਲ ਦੀ ਚੇਤਾਵਨੀ ਵੀ ਦਿੱਤੀ ਹੈ।