ਜ਼ਿਲ੍ਹਾ ਲੁਧਿਆਣਾ ਦੇ 500 ਛੱਪੜਾਂ ਦੀ ਹੋਵੇਗੀ ਸਫਾਈ-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮਾਡਲ ਵਿਕਸਤ ਕਰਨ ਦੀ ਕੋਸ਼ਿਸ਼-ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ

-ਮੌਨਸੂਨ ਤੋਂ ਬਚਾਅ ਲਈ ਅਗਾਂਊ ਪ੍ਰਬੰਧ-
ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਦਾ ਕੰਮ ਜ਼ੋਰਾਂ ‘ਤੇ

ਨਿਊਜ਼ ਪੰਜਾਬ

ਲੁਧਿਆਣਾ, 20 ਮਈ -ਅਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਪਿੰਡਾਂ ਵਿੱਚ ਪੈਂਦੇ ਛੱਪੜਾਂ ਦੀ ਸਫ਼ਾਈ ਦਾ ਕੰਮ ਹੁਣੇ ਤੋਂ ਹੀ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਬਰਸਾਤੀ ਪਾਣੀ ਨੂੰ ਸਾਂਭਣ ਦੇ ਨਾਲ-ਨਾਲ ਇਸ ਨਾਲ ਹੁੰਦੇ ਫਸਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਪਹਿਲੇ ਗੇੜ੍ਹ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ ਪੈਂਦੇ 500 ਛੱਪੜਾਂ ਨੂੰ ਸਾਫ਼ ਕਰਨ ਦਾ ਟੀਚਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਪਿਯੂਸ਼ ਚੰਦਰ ਨੇ ਦੱਸਿਆ ਕਿ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ‘ਤੇ ਅਮਲ ਕਰਦਿਆਂ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਕਰੀਬ 1150 ਛੱਪੜਾਂ ਵਿੱਚੋਂ 500 ਦੀ ਸਫਾਈ ਦਾ ਕੰਮ ਜ਼ੋਰਾਂ ‘ਤੇ ਜਾਰੀ ਹੈ, ਜੋ ਕਿ 10 ਜੂਨ, 2020 ਤੱਕ ਮੁਕੰਮਲ ਕਰਨ ਦਾ ਟੀਚਾ ਹੈ। ਇਸ ਤੋਂ ਬਾਅਦ ਬਾਕੀ ਛੱਪੜਾਂ ਦੀ ਸਫਾਈ ਵੀ ਸ਼ੁਰੂ ਕਰਵਾਈ ਜਾਵੇਗੀ। ਇਸ ਸਫਾਈ ਦੌਰਾਨ ਛੱਪੜਾਂ ਵਿੱਚੋਂ ਗਾਰ ਅਤੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਇਹ ਕੰਮ ਪੰਚਾਇਤਾਂ ਕੋਲ ਪ੍ਰਾਪਤ ਫੰਡਾਂ, 14ਵੇਂ ਜਾਂ 15ਵੇਂ ਵਿੱਤ ਕਮਿਸ਼ਨ ਜਾਂ ਮਗਨਰੇਗਾ ਫੰਡਾਂ ਨਾਲ ਕਰਵਾਇਆ ਜਾ ਰਿਹਾ ਹੈ। ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਹਿੱਤ ਇਹ ਕੰਮ ਕਰਾਉਣ ਲਈ ਫੰਡ ਖਰਚਣ ਵਿੱਚ ਕਿਸੇ ਵੀ ਤਰ੍ਹਾਂ ਦੀ ਬੰਦਿਸ਼ ਨਹੀਂ ਹੈ।
ਸ੍ਰੀ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਅਜਿਹੇ ਪਿੰਡਾਂ, ਜਿੱਥੇ ਛੱਪੜ ਲਈ 1.5 ਰਕਬੇ ਦਾ ਪ੍ਰਬੰਧ ਹੈ, ਵਿਖੇ ਥਾਪਰ ਮਾਡਲ ਜਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮਾਡਲ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਡਲ ਤਹਿਤ ਛੱਪੜਾਂ ਦੇ ਪਾਣੀ ਨੂੰ ਟਰੀਟ (ਸਾਫ਼) ਕਰਕੇ ਜਾਂ ਤਾਂ ਡਰੇਨ ਵਿੱਚ ਜਾਂ ਖੇਤੀ ਲੋੜਾਂ ਪੂਰੀਆਂ ਕਰਨ ਲਈ ਖੇਤਾਂ ਵਿੱਚ ਪਾਇਆ ਜਾਵੇਗਾ। ਇਹ ਮਾਡਲ ਵਿਕਸਤ ਕਰਨ ਤੋਂ ਪਹਿਲਾਂ ਇਨ੍ਹਾਂ ਛੱਪੜਾਂ ਦੀ ਮੁਕੰਮਲ ਤੌਰ ‘ਤੇ ਸਫਾਈ (ਡੀ-ਸਿਲਟਿੰਗ) ਅਤੇ ਪਾਣੀ ਦੀ ਨਿਕਾਸੀ (ਡੀ-ਵਾਟਰਿੰਗ) ਕੀਤੀ ਜਾਵੇਗੀ। ਇਸ ਪ੍ਰੋਜੈਕਟ ਲਈ ਪਹਿਲੇ ਗੇੜ ਵਿੱਚ ਪ੍ਰਤੀ ਬਲਾਕ 5-5 ਪਿੰਡ ਚੁਣੇ ਜਾਣਗੇ।
ਦੱਸਣਯੋਗ ਹੈ ਕਿ ਬਲਾਕ ਲੁਧਿਆਣਾ-2 ਅਧੀਨ ਪੈਦੀਆਂ ਗਰਾਮ ਪੰਚਾਇਤਾਂ ਵਿੱਚ ਵੀ ਛੱਪੜਾਂ ਦੀ ਸਫਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਿਸਦਾ ਨਿਰੀਖਣ ਸ੍ਰ. ਗਗਨਦੀਪ ਸਿੰਘ ਵਿਰਕ, ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸ੍ਰੀ ਰਜਿੰਦਰ ਬਾਂਸਲ, ਐਕਸੀਅਨ ਪੰਚਾਇਤ ਰਾਜ, ਸ੍ਰੀ ਪਿਯੂਸ਼ ਚੰਦਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਸ੍ਰੀ ਜਸਵੰਤ ਸਿੰਘ ਬੜ੍ਹੈਚ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ-2 ਅਤੇ ਸ੍ਰੀ ਗੁਰਇਕਬਾਲ ਸਿੰਘ ਮਗਨਰੇਗਾ ਨਾਲ ਕੀਤਾ ਗਿਆ। ਇਸ ਦੌਰਾਨ ਨਿਰੀਖਣ ਕਰਤਾ ਅਧਿਕਾਰੀਆਂ ਵੱਲੋਂ ਛੱਪੜਾਂ ਦੇ ਕਰਵਾਏ ਜਾ ਰਹੇ ਕੰਮਾਂ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਗਈ। ਬਲਾਕ ਲੁਧਿਆਣਾ-2 ਅਧੀਨ 160 ਗਰਾਮ ਪੰਚਾਇਤਾਂ ਪੈਂਦੀਆਂ ਹਨ, ਜਿਹਨਾਂ ਵਿੱਚ 182 ਛੱਪੜ੍ਹ ਹਨ। ਜਿਹਨਾਂ ਵਿੱਚੋਂ 37 ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਅਤੇ 17 ਪਿੰਡਾਂ ਵਿੱਚ ਛੱਪੜ੍ਹਾਂ ਦੀ ਪੁਟਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ।