ਲੁਧਿਆਣਾਤੁਹਾਡਾ ਸ਼ਹਿਰ

ਭਾਰਤ ਭੂਸ਼ਣ ਆਸ਼ੂ ਦੀ ਚੌਣ ਪ੍ਰਚਾਰ ਲਈ ਪੁਰਾਣੇ ਕਾਂਗਰਸੀ ਆਗੂਆਂ ਦੀ ਹੋਈ ਅਹਿਮ ਇੱਕਤਰਤਾ – ਟਕਸਾਲੀ ਕਾਂਗਰਸੀਆਂ ਨੂੰ ਰਾਜਾ ਵੜਿੰਗ ਦੀ ਸਰਪ੍ਰਸਤੀ ਮਨਜ਼ੂਰ ਨਹੀਂ- ਸਰਪੰਚ ਗੁਰਚਰਨ ਸਿੰਘ ਖੁਰਾਣਾ

ਰਣਜੀਤ ਸਿੰਘ ਖ਼ਾਲਸਾ

ਲੁਧਿਆਣਾ,14 ਮਈ – ਪੰਜਾਬ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਅਗਾਮੀ ਹੋਣ ਜਾ ਰਹੀ ਜ਼ਿਮਨੀ ਚੌਣ ਇਸ ਵਾਰ ਇਤਿਹਾਸਕ ਤੇ ਫੈਸਲਾਕੁੰਨ ਚੌਣ ਹੋਵੇਗੀ।ਜੋ ਕਿ ਕਾਂਗਰਸ ਪਾਰਟੀ ਦੇ ਅਸਲ ਵਾਰਸਾਂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੇ ਜੱਫਾ ਮਾਰਕੇ ਬੈਠੇ ਰਾਜਾ ਵੜਿੰਗ ਦੇ ਭਵਿੱਖ ਦਾ ਫੈਸਲਾ ਕਰੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਮੁੱਖ ਟਕਸਾਲੀ ਕਾਂਗਰਸੀ ਆਗੂ ਸਰਪੰਚ ਗੁਰਚਰਨ ਸਿੰਘ ਖੁਰਾਣਾ ਨੇ ਅੱਜ ਆਪਣੇ ਗ੍ਰਹਿ ਵਿਖੇ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਟਕਸਾਲੀ ਕਾਂਗਰਸੀ ਆਗੂਆਂ, ਸਾਬਕਾ ਕਾਂਗਰਸੀ ਵਿਧਾਇਕਾਂ ਦੀ ਹੋਈ ਅਹਿਮ ਮੀਟਿੰਗ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ।

ਸ.ਖੁਰਾਣਾ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਪਾਰਟੀ ਹਾਈਕਮਾਂਡ ਵੱਲੋ ਉਚਿਤ ਫੈਸਲਾ ਕਰਦਿਆਂ ਹੋਇਆ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਵਕਾਰੀ ਸੀਟ ਨੂੰ ਜਿੱਤਣ ਲਈ ਜੋ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੌਣ ਮੈਦਾਨ ਵਿੱਚ ਉਤਾਰਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਚਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ।

  • ਪਰ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਤੋ ਐਮ.ਪੀ ਬਣੇ ਰਾਜਾ ਵੜਿੰਗ ਦਾ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲ ਚੱਲ ਰਿਹਾ ਸਿਆਸੀ ਕਾਟੋ ਕਲੇਸ਼ ਤੇ ਲੁਧਿਆਣੇ ਦੇ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ ਦੀ ਵਿਰੋਧਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਮਹਿੰਗੀ ਪੈ ਸਕਦੀ ਹੈ।ਖਾਸ ਕਰਕੇ ਰਾਜਾ ਵੜਿੰਗ ਦੀਆਂ ਗਲਤ ਪਾਰਟੀ ਨੀਤੀਆਂ ਸਦਕਾ ਉਕਤ ਵਿਧਾਨ ਸਭਾ ਦੀ ਜ਼ਿਮਨੀ ਚੌਣ ਵਿੱਚ ਕਾਂਗਰਸ ਪਾਰਟੀ ਨੂੰ ਅੰਦਰੋਂ ਤੇ ਬਾਹਰੋਂ ਸਖਤ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੁਧਿਆਣੇ ਦੇ ਟਕਸਾਲੀ ਕਾਂਗਰਸੀਆਂ ਆਗੂਆਂ ਦੀ ਹੋਈ ਮੀਟਿੰਗ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੀ ਸਮੁੱਚੀ ਟਕਸਾਲੀ ਕਾਂਗਰਸੀ ਲੀਡਰਸ਼ਿਪ ਭਾਰਤ ਭੂਸ਼ਣ ਆਸ਼ੂ ਨਾਲ ਚਟਾਨ ਵਾਂਗ ਖੜੀ ਹੈ ਅਤੇ ਜ਼ਿਮਨੀ ਚੋਣ ਵਿਚ ਪਾਰਟੀ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆ ਆਪਣੀ ਮੋਹਰੀ ਭੂਮਿਕਾ ਨਿਭਾਏਗੀ।

ਟਕਸਾਲੀ ਕਾਂਗਰਸੀ ਆਗੂ ਸਰਪੰਚ ਗੁਰਚਰਨ ਸਿੰਘ ਖੁਰਾਣਾ ਦੇ ਗ੍ਰਹਿ ਵਿਖੇ ਟਕਸਾਲੀ ਕਾਂਗਰਸੀ ਆਗੂਆਂ ਤੇ ਸਾਬਕਾ ਵਿਧਾਇਕਾਂ ਦੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਹੋਈ ਭਰਵੀਂ ਮੀਟਿੰਗ ਸਿੱਧੇ ਰੂਪ ਵਿੱਚ ਰਾਜਾ ਵੜਿੰਗ ਦੇ ਖਿਲਾਫ਼ ਵੱਡੀ ਬਗਾਵਤ ਦੇ ਰੂਪ ਵੱਜੋਂ ਦੇਖੀ ਜਾ ਰਹੀ ਹੈ।