ਮਾਏ- ਕਾਵਿ ਸਤਰਾਂ ਅਮਨਪ੍ਰੀਤ ਕੌਰ ਦੀ ਕਲਮ ਤੋਂ
ਨਿਊਜ਼ ਪੰਜਾਬ
ਮਾਏ
ਤੂੰ ਤਾਂ ਜਾਪੇ ਖੁਦਾ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨੀ ਮਾਏ
ਉਂਗਲ ਫੜ ਤੂੰ ਚੱਲਣਾ ਦੱਸਿਆ
ਬੰਦ ਬੋਲਾਂ ਨੂੰ ਖੁਲ੍ਹੱਣਾ ਦੱਸਿਆ
ਬੁਰਕੀ ਮੂੰਹ ਵਿੱਚ ਚੱਬਣਾ ਦੱਸਿਆ
ਬੁੱਲਾਂ ਨੂੰ ਤੂੰ ਹੱਸਣਾ ਦੱਸਿਆ
ਫ਼ਰਜ ਪੂਰਾ ਕੀਤਾ ਤੂੰ, ਅਦਾ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨਹੀਂ ਮਾਏ
ਅੱਖਰ ਅੱਖਰ ਤੂੰ ਪੜਨਾ ਦੱਸਿਆ
ਪੌੜੀ ਪੌੜੀ ਤੂੰ ਚੜਨਾ ਦੱਸਿਆ
ਦੁਨੀਆ ਵਿੱਚ ਤੂੰ ਖੜਨਾ ਦੱਸਿਆ
ਗਲਤ ਗੱਲ ਅੱਗੇ ਅੜਨਾ ਦੱਸਿਆ
ਕਰਜ ਕਿਵੇਂ ਹੋਊ ਤੇਰਾ, ਚੁਕਾ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨਹੀਂ ਮਾਏ
ਦੁਨੀਆਦਾਰੀ ਦੀ ਗੱਲ ਸਮਝਾਈ
ਵਰਤ ਵਰਤਾਅ ਦੀ ਅਕਲ ਸਿਖਾਈ
ਪੜ੍ਹ ਲਿਖ ਕੇ ਕਿਵੇਂ ਕਰਨੀ ਕਮਾਈ
ਸੱਸ ਸਹੁਰੇ ਲਈ ਹੋਣਾ ਸਹਾਈ
ਨਜ਼ਰ ਆਵੇ ਤੂੰ, ਹਰ ਥਾਂ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨੀ ਮਾਏ
ਤੂੰ ਤਾਂ ਬਣੀ ਮੇਰੀ ਸਹੇਲੀ
ਦੁਨੀਆ ਵਿੱਚ ਕੋਈ ਹੋਰ ਨਾ ਬੇਲੀ
ਤੇਰੇ ਬਿਨਾ ਨਾ ਕੋਈ ਸਮਝਾਵੇ
ਇਹ ਅਪਣੱਤ ਕਿਤੇ ਨਜ਼ਰ ਨਾ ਆਵੇ
ਹੋਵੀ ਨਾ ਕਦੀ, ਜੁਦਾ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨੀ ਮਾਏ
ਰੱਬ ਤੈਨੂੰ ਤੰਦਰੁਸਤੀ ਦੇਵੇ
ਲੰਮੀ ਉਮਰ ਦੇ ਬਖਸ਼ੇ ਮੇਵੇ
`ਅਮਰਪ੍ਰੀਤ’ ਕਰੇ ਇਹ ਅਰਦਾਸ
ਪੂਰੀ ਹੋ ਜਾਵੇ ਮੇਰੀ ਆਸ
ਮੰਗਾਂ ਤੇਰੇ ਲਈ ਇਹ, ਦੁਆ ਨੀ ਮਾਏ
ਤੂੰ ਤਾਂ ਜਾਪੇ ਖੁਦਾ ਨੀ ਮਾਏ
ਅਮਰਪ੍ਰੀਤ ਕੌਰ
ਸਾਇੰਸ ਮਿਸਟ੍ਰੈਸ
ਲੁਧਿਆਣਾ