ਪਸ਼ੂ ਪਾਲਣ ਵਿਭਾਗ ਮੋਗਾ ਵੱਲੋਂ ਮੁਫਤ ਵੰਡੀ ਜਾ ਰਹੀ ਮਲੱਪਾਂ ਦੀ ਦਵਾਈ
(ਨਿਊਜ਼ ਪੰਜਾਬ)
ਮੋਗਾ ਵਿੱਚ 3.48 ਲੱਖ ਉਕਸਫੇਂਡਾਜੋਲ ਵੱਡੀਆਂ ਬੋਲਸ ਤੇ 42.5 ਫੈਨਬੈਂਡਾਜੋਲ ਗੋਲੀਆਂ ਪਸ਼ੂਆਂ ਲਈ ਵੰਡੀਆਂ ਜਾ ਰਹੀਆਂ ਬਿਲਕੁਲ ਮੁਫਤ
ਪਸ਼ੂ ਪਾਲਕ ਘਰ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦੇਣ ਸਹਿਯੋਗ-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ ਹਰਵੀਨ ਕੌਰ
ਮੋਗਾ 8 ਅਪ੍ਰੈਲ
ਪਸ਼ੂ ਪਾਲਣ ਵਿਭਾਗ ਦੇ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਜੀ ਦੀ ਯੋਗ ਅਤੇ ਗਤੀਸ਼ੀਲ ਅਗਵਾਈ ਹੇਠ, ਪ੍ਰਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਸ੍ਰੀ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਸਿੰਘ ਬੇਦੀ ਦੇ ਵਿਸ਼ੇਸ਼ ਉਪਰਾਲੇ ਸਦਕਾ ਜ਼ਿਲ੍ਹਾ ਮੋਗਾ ਵਿੱਚ ਇੱਕ ਮੈਗਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਜਿਲ੍ਹੇ ਦੇ ਸਾਰੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ। ਇਹ ਦਵਾਈ ਪਸ਼ੂ ਪਾਲਣ ਵਿਭਾਗ ਦੇ ਸਟਾਫ ਵੱਲੋਂ ਘਰ-ਘਰ ਜਾ ਕੇ ਹਰ ਛੋਟੇ ਅਤੇ ਵੱਡੇ ਪਸ਼ੂਆਂ ਲਈ ਬਿਲਕੁੱਲ ਮੁਫਤ ਵੰਡੀ ਜਾ ਰਹੀ ਹੈ।ਪਿਛਲੇ ਸਾਲ ਦੀ ਤਰਾਂ ਇਸ ਵਾਰ ਫਿਰ ਇਹ ਮੁਹਿੰਮ ਲਗਾਤਾਰ ਦੂਸਰੀ ਵਾਰ ਚਲਾਈ ਜਾ ਰਹੀ ਹੈ । ਇਹ ਮੁਹਿੰਮ 7 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਅਤੇ 9 ਅਪ੍ਰੈਲ 2025 ਤੱਕ ਚੱਲੇਗੀ। ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦਾ ਮੁੱਖ ਮਕਸਦ ਪਸ਼ੂਆਂ ਨੂੰ ਮਲੱਪਾਂ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਣਾ ਅਤੇ ਇਸਦੇ ਨਾਲ ਹੀ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਕਰਨਾ, ਦੁੱਧ ਦੀ ਪੈਦਾਵਾਰ ਵਧਾਉਣਾ ਅਤੇ ਉਹਨਾਂ ਵਿੱਚ ਬੀਮਾਰੀਆਂ ਨਾਲ ਲੜਨ ਦੀ ਤਾਕਤ (ਇਮਿਊਨਿਟੀ) ਨੂੰ ਵਧਾਉਣਾ ਹੈ । ਇਸ ਤੋਂ ਇਲਾਵਾ ਮਲੱਪ ਰਹਿਤ ਕਰਨ ਨਾਲ ਪਸ਼ੂਆਂ ਵਿੱਚ ਅਨੀਮੀਆਂ ਜਾਂ ਖੂਨ ਦੀ ਕਮੀ ਨਹੀਂ ਹੁੰਦੀ, ਅਤੇ ਪਸ਼ੂ ਸਰੀਰਿਕ ਇਮਿਊਨਿਟੀ ਵੱਧਣ ਨਾਲ ਕਈ ਕਿਸਮ ਦੇ ਵਿਸ਼ਾਣੂਆਂ ਜਾਂ ਕੀਟਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚ ਸਕਣਗੇ, ਅਤੇ ਵੈਕਸੀਨ ਦੀ ਪ੍ਰਭਾਵਸ਼ੀਲਤਾ ਉਤੇ ਵੀ ਸਾਕਾਰਤਮਕ ਅਸਰ ਪਵੇਗਾ ।
ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ ਧਾਲੀਵਾਲ, ਪਸ਼ੂ ਪਾਲਣ ਵਿਭਾਗ ਮੋਗਾ ਨੇ ਦੱਸਿਆ ਕਿ ਕਿ ਜਿਲ੍ਹਾ ਮੋਗਾ ਵਿੱਚ 3 ਲੱਖ 48 ਹਜਾਰ 800 ਉਕਸਟੈਂਡਾਜੋਲ ਵੱਡੀਆਂ ਬੋਲਸ ਅਤੇ 42 ਹਜਾਰ 500 ਫੈਨਬੈਂਡਾਜੋਲ ਗੋਲੀਆਂ ਸਾਰੇ ਵੱਡੇ ਅਤੇ ਛੋਟੇ ਪਸ਼ੂਆਂ ਲਈ ਮੁਫਤ ਵੰਡੀਆਂ ਜਾ ਰਹੀਆਂ ਹਨ।
ਉਹਨਾਂ ਸਮੂਹ ਪਸ਼ੂ ਪਾਲਕਾਂ ਨੂੰ ਆਪਣੇ ਸਾਰੇ ਪਸ਼ੂਆਂ ਨੂੰ ਇਹ ਦਵਾਈ ਖਵਾਉਣ ਲਈ ਪੁਰਜੋਰ ਅਪੀਲ ਕੀਤੀ। ਉਹਨਾਂ ਦੱਸਿਆ ਕਿ ਜੇਕਰ ਕੋਈ ਪਸ਼ੂ ਪਾਲਕ ਇਸ ਦਵਾਈ ਤੋਂ ਵਾਂਝਾ ਰਹਿ ਜਾਵੇ, ਤਾਂ ਉਹ ਤੁਰੰਤ ਆਪਣੇ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਕੇ ਇਹ ਦਵਾਈ ਪ੍ਰਾਪਤ ਕਰ ਸਕਦਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਨਿਵੇਕਲਾ ਕਦਮ ਪਸ਼ੂ ਪਾਲਕਾਂ ਅਤੇ ਦੁੱਧ ਕ੍ਰਾਂਤੀ ਦੇ ਕਿੱਤੇ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਾਬਿਤ ਹੋਵੇਗਾ ।
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪਰੇਗਾਬਲਿਨ 300 ਐਮ.ਜੀ. ਕੈਪਸੂਲ ਦੀ ਸੇਲ ਤੇ ਲਗਾਈ ਅੰਸ਼ਿਕ ਪਾਬੰਦੀ
-*ਡਾਕਟਰ ਬਹੁਤ ਜਰੂਰੀ ਹਾਲਾਤਾਂ ਵਿੱਚ ਹੀ ਪਰੇਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਮਰੀਜ ਨੂੰ ਲਿਖਣ- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ
-ਕੈਮਿਸਟ ਡਰੱਗ ਵਿਭਾਗ ਨੂੰ ਸੂਚਿਤ ਕਰਕੇ ਹੀ ਰੱਖ ਸਕੇਗਾ ਇਹ ਕੈਪਸੂਲ ਜਾਂ ਗੋਲੀ, ਮਹੀਨੇ ਦੇ ਪਹਿਲੇ ਹਫਤੇ ਰਿਕਾਰਡ ਵਿਭਾਗ ਨੂੰ ਮੁਹੱਈਆ ਕਰਵਾਉਣਾ ਜਰੂਰੀ
ਮੋਗਾ, 8 ਮਾਰਚ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 163 ਅਧੀਨ ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਦੇ ਕੈਪਸੂਲ ਦੀ ਸੇਲ ਤੇ ਅੰਸ਼ਿਕ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਸ਼੍ਰੀਮਤੀ ਚਾਰੂਮਿਤਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਆਮ ਲੋਕ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਕੈਪਸੂਲ ਦੀ ਵਰਤੋਂ ਮੈਡੀਕਲ ਨਸ਼ੇ ਵਜੋਂ ਕਰ ਰਹੇ ਹਨ। ਸ਼ਹਿਰਾਂ ਅਤੇ ਪਿੰਡਾਂ ਦੇ ਮੈਡੀਕਲ ਸਟੋਰਾਂ ਤੇ ਇਸ ਕੈਪਸੂਲ ਦੀ ਵਿਕਰੀ ਆਮ ਵਾਂਗ ਹੋ ਰਹੀ ਹੈ। ਉਹਨਾਂ ਕਿਹਾ ਕਿ ਪਰੇਗਾਬਲਿਨ ਦਾ ਕੈਪਸੂਲ ਜਾਂ ਗੋਲੀ ਜੇ ਕੋਈ ਡਾਕਟਰ ਕਿਸੇ ਮਰੀਜ ਨੂੰ ਲਿਖਦਾ ਹੈ ਤਾਂ ਸਬੰਧਤ ਮੈਡੀਕਲ ਸਟੋਰ ਵੱਲੋਂ ਉਹ ਦਵਾਈ ਸਿਰਫ ਉਨੇ ਹੀ ਦਿਨਾਂ ਲਈ ਦਿੱਤੀ ਜਾਵੇਗੀ ਜਿੰਨੀ ਡਾਕਟਰ ਦੁਆਰਾ ਪਰਚੀ ਤੇ ਲਿਖੀ ਗਈ ਹੈ ਅਤੇ ਉਸਦੀ ਪਰਚੀ ਉਪਰ ਇਸ ਸਬੰਧੀ ਸਟੈਂਪ ਵੀ ਲਗਾਈ ਜਾਵੇ ਅਤੇ ਉਹ ਪਰਚੀ ਸਿਰਫ 7 ਦਿਨ ਲਈ ਹੀ ਵੈਧ ਹੋਵੇਗੀ। ਜੇਕਰ ਕੋਈ ਕੈਮਿਸਟ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਆਪਣੇ ਪਾਸ ਰੱਖਣੀ ਚਾਹੁੰਦਾ ਹੈ ਉਹ ਇਸ ਸਬੰਧੀ ਡਰੱਗ ਵਿਭਾਗ ਨੂੰ ਸੂਚਿਤ ਕਰੇਗਾ ਅਤੇ ਹਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਇਸਦਾ ਰਿਕਾਰਡ ਡਰੱਗ ਵਿਭਾਗ ਨੂੰ ਮੁਹੱਈਆ ਕਰਵਾਏਗਾ।
ਉਹਨਾਂ ਡਾਕਟਰਾਂ ਨੂੰ ਵੀ ਸੁਝਾਅ ਦਿੱਤਾ ਜਿੱਥੇ ਬਹੁਤ ਜਰੂਰੀ ਹੋਵੇ ਉੱਥੇ ਹੀ ਇਸ ਕੈਪਸੂਲ ਜਾਂ ਗੋਲੀ ਦੀ 75 ਐਮ.ਜੀ. ਤੋਂ ਵੱਧ ਦੀ ਮਾਤਰਾ ਦੀ ਦਵਾਈ ਮਰੀਜ ਨੂੰ ਲਿਖੀ ਜਾਵੇ ਅਤੇ ਇਸਦਾ ਰਿਕਾਰਡ ਰੱਖਿਆ ਜਾਵੇ। ਬਿਨ੍ਹਾਂ ਰਿਕਾਰਡ ਤੋਂ ਇਸਦੀ ਸੇਲ ਪਰਚੇਜ ਉਪਰ ਪੂਰਨ ਤੌਰ ਤੇ ਪਾਬੰਦੀ ਹੈ। ਇਹ ਹੁਕਮ 6 ਜੂਨ, 2025 ਤੱਕ ਜ਼ਿਲ੍ਹਾ ਮੋਗਾ ਅੰਦਰ ਲਾਗੂ ਰਹੇਗਾ।
ਉਹਨਾਂ ਦੱਸਿਆ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ (ਬੀ.ਐਨ.ਐਸ.ਐਸ.) 2023 ਦੀ ਧਾਰਾ 223 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।