ਵਿੱਤ ਵਿਭਾਗ ਵੱਲੋਂ ਕੋਵਿਡ-19 ਵਿਰੁੱਧ ਜੰਗ ਵਿੱਚ ਡਿਊਟੀ ਦੌਰਾਨ ਜਾਨਾਂ ਗੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਆਸ਼ਰਿਤਾਂ/ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਸਬੰਧੀ ਦਿਸ਼ਾ-ਨਿਰਦੇਸ਼ ਨੋਟੀਫਾਈ

ਚੰਡੀਗੜ੍ਹ, 10 ਮਈ : ( ਨਿਊਜ਼ ਪੰਜਾਬ) ਪੰਜਾਬ ਦੇ ਵਿੱਤ ਵਿਭਾਗ ਵੱਲੋਂ ਕਰੋਨਾਵਾਇਰਸ ਮਹਾਂਮਾਰੀ ਵਿਰੁੱਧ ਜੰਗ ਵਿੱਚ ਆਪਣੀ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਸਰਕਾਰੀ ਮੁਲਾਜ਼ਮਾਂ  ਦੇ ਆਸ਼ਰਿਤਾਂ / ਕਾਨੂੰਨੀ ਵਾਰਸਾਂ ਨੂੰ  ਮੁਆਵਜ਼ੇ ਵਜੋਂ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਸਬੰਧੀ ਵਿਸਥਾਰਤ ਦਿਸ਼ਾ ਨਿਰਦੇਸ਼ ਨੋਟੀਫਾਈ ਕੀਤੇ ਗਏ ਹਨ।

ਇਹ ਮੁਆਵਜ਼ਾ ਸਿਰਫ਼ ਕੋਵਿਡ -19  ਮਹਾਂਮਾਰੀ ਲਈ ਸਵੀਕਾਰਯੋਗ ਹੈ ਅਤੇ ਇਹ 1 ਅਪ੍ਰੈਲ  2020 ਤੋਂ 31 ਜੁਲਾਈ, 2020 ਤੱਕ ਲਾਗੂ ਰਹੇਗਾ ਜਿਸਦੀ ਬਾਅਦ ਵਿੱਚ ਸਮੀਖਿਆ ਕੀਤੀ ਜਾ ਸਕੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਐਕਸ਼ ਗ੍ਰੇਸ਼ੀਆ ਮੁਆਵਜ਼ਾ ਸੂਬਾ ਸਰਕਾਰ  ਦੇ ਰੈਗੂਲਰ ਕਰਮਚਾਰੀਆਂ, ਜਿਨ੍ਹਾਂ ਦੀ ਕੋਵਿਡ-19 ਵਿਰੁੱਧ ਜੰਗ ਵਿੱਚ ਡਿਊਟੀ ਦੌਰਾਨ ਜਾਨ ਚਲੀ ਗਈ ਹੋਵੇ,  ਦੀਆਂ ਸਾਰੀਆਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ। ਪੁਰਾਣੀ ਪੈਨਸ਼ਨ ਸਕੀਮ ਅਧੀਨ ਆਉਣ ਵਾਲੇ ਸਾਰੇ ਕਰਮਚਾਰੀਆਂ ਅਤੇ 1 ਜਨਵਰੀ, 2004 ਅਤੇ ਉਸ ਤੋਂ ਬਾਅਦ ਭਰਤੀ ਹੋਏੇ ਅਤੇ ਨਵੀਂ ਪੈਨਸ਼ਨ ਸਕੀਮ (ਐਨਪੀਐਸ) ਦੇ ਅਧੀਨ ਆਉਣ ਵਾਲੇ ਸਾਰੇ ਕਰਮਚਾਰੀ ਇਸ ਐਕਸ਼ ਗ੍ਰੇਸ਼ੀਆ ਅਧੀਨ ਯੋਗ ਹੋਣਗੇ।