ਪੰਜਾਬਅੰਤਰਰਾਸ਼ਟਰੀ

USA ਦਾ ਜਾਅਲੀ ਪੇਪਰਾਂ ਨਾਲ ਵੀਜ਼ਾ ਅਪਲਾਈ ਕਰਦੇ ਸੀ ਪੰਜਾਬ ਅਤੇ ਹਰਿਆਣਾ ਦੇ ਏਜੰਟ – ਅਮਰੀਕੀ ਦੂਤਾਵਾਸ ਦੀ ਸ਼ਕਾਇਤ ਤੇ 31 ਦੋਸ਼ੀਆਂ ਵਿਰੁੱਧ ਪੁਲਿਸ ਕਾਰਵਾਈ 

ਨਿਊਜ਼ ਪੰਜਾਬ

ਨਵੀਂ ਦਿੱਲੀ, 21 ਮਾਰਚ – ਗਲਤ ਪੇਪਰ ਲਾ ਕੇ ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਵੀਜ਼ਾ ਏਜੰਟਾਂ ਵਿਰੁੱਧ ਅਮਰੀਕੀ ਦੂਤਾਵਾਸ ਦੀ ਸ਼ਿਕਾਇਤ ‘ਤੇ, ਦਿੱਲੀ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਇਹ ਗਿਰੋਹ ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਤੋਂ ਕੰਮ ਕਰਦਾ ਹੈ। ਪੁਲਿਸ ਨੇ ਗਿਰੋਹ ਦੇ 30 ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਚਾਣਕਿਆਪੁਰੀ ਸਥਿਤ ਅਮਰੀਕੀ ਦੂਤਾਵਾਸ ਨੇ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਐਫਆਈਆਰ ਦੇ ਅਨੁਸਾਰ ਮਈ ਅਤੇ ਅਗਸਤ, 2024 ਦੇ ਵਿਚਕਾਰ ਦੇ ਇਹ ਮਾਮਲੇ ਹਨ । ਦੂਤਾਵਾਸ ਨੇ 21 ਅਜਿਹੇ ਮਾਮਲਿਆਂ ਦਾ ਪਤਾ ਲਗਾਇਆ ਜਿੱਥੇ ਵੀਜ਼ਾ ਏਜੰਟਾਂ ਅਤੇ ਬਿਨੈਕਾਰਾਂ ਵਿਚਕਾਰ ਮਿਲੀਭੁਗਤ ਨਾਲ ਹੇਰਾਫੇਰੀ ਕੀਤੀ ਗਈ ਸੀ।ਦੂਤਾਵਾਸ ਨੇ 31 ਮੁਲਜ਼ਮਾਂ ਦੇ ਨਾਮ ਲਏ ਹਨ। ਇਨ੍ਹਾਂ ਵਿੱਚ ਵੀਜ਼ਾ ਏਜੰਟ ਅਤੇ ਬਿਨੈਕਾਰ ਸ਼ਾਮਲ ਹਨ। ਉਨ੍ਹਾਂ ‘ਤੇ ਬੈਂਕ ਸਟੇਟਮੈਂਟਾਂ, ਵਿਦਿਅਕ ਸਰਟੀਫਿਕੇਟ ਅਤੇ ਰੁਜ਼ਗਾਰ ਰਿਕਾਰਡ ਵਰਗੇ ਦਸਤਾਵੇਜ਼ਾਂ ਨੂੰ ਜਾਅਲੀ ਬਣਾਉਣ ਦਾ ਦੋਸ਼ ਹੈ।

 ਐਫਆਈਆਰ ਦੇ ਅਨੁਸਾਰ, ਏਜੰਟਾਂ ਨੇ ਅਮਰੀਕਾ ਦੇ ਔਨਲਾਈਨ ਵੀਜ਼ਾ ਅਰਜ਼ੀ ਵਿੱਚ ਗਲਤ ਜਾਣਕਾਰੀ ਦਿੱਤੀ ਅਤੇ ਬਿਨੈਕਾਰਾਂ ਨੂੰ ਜਾਅਲੀ ਦਸਤਾਵੇਜ਼ ਪ੍ਰਦਾਨ ਕੀਤੇ ਤਾਂ ਜੋ ਉਹ ਧੋਖਾਧੜੀ ਨਾਲ ਵੀਜ਼ਾ ਪ੍ਰਾਪਤ ਕਰ ਸਕਣ। ਜਾਂਚ ਦੌਰਾਨ, ਦੂਤਾਵਾਸ ਨੇ ਪਾਇਆ ਕਿ ਕਈ ਵੀਜ਼ਾ ਏਜੰਟ ਜਾਅਲੀ ਦਸਤਾਵੇਜ਼ ਤਿਆਰ ਕਰਨ ਲਈ ਬਿਨੈਕਾਰਾਂ ਤੋਂ 1 ਲੱਖ ਤੋਂ 15 ਲੱਖ ਰੁਪਏ ਵਸੂਲ ਰਹੇ ਸਨ।

ਅਧਿਕਾਰੀਆਂ ਨੇ ਕਿਹਾ ਕਿ ਦੂਤਾਵਾਸ ਨੇ ਐਫਆਈਆਰ ਵਿੱਚ ਇੱਕ ਮਾਮਲੇ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਏਜੰਟ ਨੇ ਬਿਨੈਕਾਰ ਤੋਂ ਵੀਜ਼ਾ ਪ੍ਰਕਿਰਿਆ ਵਿੱਚ ਮਦਦ ਕਰਨ ਦੇ ਬਦਲੇ 13 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲਿਸ ਨੇ ਕਿਹਾ ਕਿ ਗਿਰੋਹ ਵਿੱਚ ਸ਼ਾਮਲ ਹੋਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।