ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀਸਾਡਾ ਵਿਰਸਾ

ਅੱਜ ਸਰਹਿੰਦ ਫਤਿਹ ਦਿਵਸ : ਮੁਗਲਾਂ ਦੀ ਤਬਾਹੀ ਵਾਲਾ ਦਿਨ – ਸਿੱਖ ਰਾਜ ਦੀ ਆਰੰਭਤਾ – ਪੜ੍ਹੋ ਇਤਿਹਾਸ ਤੇ ਵੇਖੋ ਤਸਵੀਰਾਂ ਅਤੇ ਗੁਰੂ ਦੀ ਕਰੰਸੀ 

ਸਰਹਿੰਦ ਫਤਿਹ ਦਿਵਸ ‘ਤੇ ਨਿਊਜ਼ ਪੰਜਾਬ ਦੀ ਵਿਸ਼ੇਸ਼ ਪੇਸ਼ਕਸ਼ : ਸਿੱਖ ਕੌਮ ਦਾ ਗੌਰਵਮਈ ਇਤਿਹਾਸ ਜਿਹਨੇ ਮੁਗਲਾਂ ਦੇ ਜ਼ੁਲਮ ਦਾ ਬਦਲਾ ਲਿਆ ਅਤੇ ਗੁਰੂ ਮਾਰੀ ਸਰਹੰਦ ਨੂੰ ਤਬਾਹ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ( ਕਰੰਸੀ ) ਜਾਰੀ ਕੀਤੀ : ਆਓ ਤਸਵੀਰਾਂ ਅਤੇ ਸੰਖੇਪ ਵੇਰਵੇ ਨਾਲ ਇਤਿਹਾਸ ਤੋਂ ਜਾਣੂ ਹੋਈਏ ਅਤੇ ਆਪਣੇ ਬੱਚਿਆਂ ਨੂੰ ਵੀ ਜਾਣੂ ਕਰਵਾਈਏ 🙏🏻

ਗੱਲ 17ਵੀਂ ਸਦੀ ਦੀ ਹੈ। ਹਿੰਦੋਸਤਾਨ ਦੀ ਸਰਜ਼ਮੀਨ ਹਰ ਦਿਹਾੜੇ ਮਨੁੱਖਤਾ ਦੀ ਕਤਲੋਗਾਰਤ ਨੂੰ ਵੇਖ ਧੁਰ ਅੰਦਰ ਤੱਕ ਨਪੀੜੀ ਦਰਦ ਪਾਲ ਰਹੀ ਸੀ। ਦਸ਼ਮੇਸ਼ ਪਿਤਾ, ਦਸਵੇਂ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਵਾਰ ਕੇ ਮਾਨਵਤਾ ਨੂੰ ਇੱਕ ਨਵੀਂ ਸਵੇਰ ਲਈ ਤਿਆਰ ਕਰ ਰਹੇ ਸਨ।

ਔਰੰਗਜ਼ੇਬ, ਦਸ਼ਮੇਸ਼ ਪਿਤਾ ਦਾ ਪੱਤਰ ‘ਜ਼ਫਰਨਾਮਾ’ ਪ੍ਰਾਪਤ ਕਰ ਆਪਣੀ ਆਤਮਾ ਦੇ ਨਾਲ ਜੁਲਮੀ ਰਾਜ ਦੇ ਬੋਝ ਨੂੰ ਲੈ ਕੇ ਫੌਤ ਹੋ ਚੁੱਕਾ ਸੀ ਅਤੇ ਉਸ ਦੇ ਪਿੱਛੇ ਛਿੜ ਚੁੱਕੀ ਸੀ, ਉਸਦੇ ਪੁੱਤਰਾਂ ਵਿਚਲੇ ਸ਼ਾਹੀ ਤਖ਼ਤ ਨੂੰ ਹਥਿਆਉਣ ਦੀ ਭਰਾ ਮਾਰੂ ਜੰਗ।

ਮਿਲਾਪ ਦੂਸਰੇ ਪਾਸੇ ਇਸ ਸਭ ਤੋਂ ਬੇਲਾਗ, ਹਕੀਕਤ ਤੋਂ ਅਣਜਾਣ, ਇਕ ਅਜਿਹੇ ਲੋਹ-ਪੁਰਸ਼ ਦੀ ਆਮਦ ਹੋਈ, ਜੋ ਜਨਮਿਆ ਤਾਂ 1670 ਈ ਵਿਚ ਪੁਣਛ ਜਿਲ੍ਹੇ ਦੇ ਰਾਜੌਰੀ ਪਿੰਡ ਪਿਤਾ ਰਾਮਦੇਵ ਦੇ ਘਰ ਸੀ,ਪਰ ਨਵਾਂ ਜਨਮ ਉਸ ਨੂੰ ਉਦੋਂ ਮਿਲਿਆ ਜਦੋ ਮੇਲ ਹੋਇਆ,

ਤਕਦੀਰਾਂ ਬਦਲਣ ਵਾਲੇ, ਦਸਵੇਂ ਹਜ਼ੂਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ। ਇਤਿਹਾਸ ਦਸਦਾ ਹੈ ਕਿ 15 ਵਰ੍ਹਿਆਂ ਦਾ ਲਛਮਣ ਦਾਸ ਜਦੋਂ ਸ਼ਿਕਾਰ ਖੇਡਦਾ ਤਾਂ ਪੂਰੀ ਰੂਹ ਨਾਲ। ਨਿਸ਼ਾਨਾ ਲਗਾਉਂਦਾ ਤਾਂ ਪੂਰੇ ਤਾਣ ਨਾਲ। ਮਨ ਦਾ ਪੂਰਾ ਹਠੀ ਪਰ ਜਦੋਂ ਸ਼ਿਕਾਰ ਖੇਡਦਿਆਂ ਇਕ ਵਾਰ ਹਿਰਨੀ ਦੇ ਬੱਚੇ ਨੂੰ ਚਾਕ ਕੀਤੇ ਪੇਟ ਵਿੱਚੋਂ ਤੜਪ-ਤੜਪ ਮਰਦਿਆਂ ਤੱਕਿਆ ਤਦ ਤੋਂ ਬੈਰਾਗੀ ਹੋ ਗਿਆ,l

ਨਾਮ ਪਿਆ ‘ਮਾਧੋ ਦਾਸ ਬੈਰਾਗੀ’ ਸਭ ਬਦਲ ਗਿਆ। ਨਾਮ, ਭੇਸ, ਟਿਕਾਣਾ ਤੇ ਗੁਰੂ ਵੀ ਤੰਤਰਾਂ- ਮੰਤਰਾਂ ਦੇ ਫ਼ੇਰ-ਬਦਲ ਵਿਚ ਭਟਕਿਆ। ਆਸਣ ਲਾ ਲਿਆ, ਹੰਕਾਰੀ ਹੋ ਗਿਆ ਅਤੇ ਫਿਰ ਡੇਰਾ ਵੀ ਜਮਾ ਲਿਆ ਨਾਂਦੇੜ ਲਾਗੇ। ਵਰ੍ਹੇ ਕਈ ਬੀਤੇ ਆਖ਼ਰ ਮੇਲ ਹੋਇਆ ਕਲਗੀਧਰ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ। ਅੱਖ ਨਾ ਮਿਲਾ ਸਕਿਆ, ਪੁੱਛਣ ਲੱਗਾ ,”ਕੌਣ ਹੋ ਤੁਸੀਂ, ਕਿਸ ਕਾਰਜ ਆਏ ਹੋ!” ਜਵਾਬ ਮਿਲਿਆ, “ਉਹੀ ਜਿਸ ਨੂੰ ਤੂੰ ਜਾਣਦੈ। ਢਹਿ ਪਿਆ ਚਰਨਾਂ ‘ਚ ਕਹਿਣ ਲੱਗਾ, ਬਖਸ਼ ਲਵੋ ਅਤੇ ਫ਼ਿਰ ਬਖਸ਼ਿਆ ਗਿਆ, ਗੁਰੂ ਦਾ ‘ਬੰਦਾ’ ਬਣ ਕੇ।

ਦਸਵੇਂ ਗੁਰਦੇਵ ਨੇ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਨਾਲ ਸਾਂਝ ਪਾਈ ਉਸਦੀ।

ਸਰਹਿੰਦ ਦੀ ਕੰਧ, ਚਮਕੌਰ ਦੀ ਜੰਗ….. ਤੇ ਬਹੁਤ ਕੁੱਝ। ਸੁਣ ਕੇ ਕਹਿਣ ਲੱਗਾ, ਹੁਕਮ ਦੇਵੋ ਤਾਂ ਜੋ ਖੜਕਾ ਦੇਵਾਂ ਸਰਹਿੰਦ ਦੀ ਇੱਟ ਨਾਲ ਇੱਟ। ਗੁਰੂ ਦਾ ਬੰਦਾ ਬਣ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਥਾਪੜੇ ਨਾਲ ਰੁੱਖ ਕੀਤਾ ਪੰਜਾਬ ਨੂੰ। ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਦੇ ਜਥੇ ਨਾਲ ਦਿੱਲੀ ਪਾਰ ਕਰਦਿਆਂ, ਸੋਨੀਪਤ, ਕੈਥਲ, ਸ਼ਾਹਬਾਦ, ਸਮਾਣਾ, ਸਢੌਰਾ, ਛੱਤ, ਬਨੂੜ ਫਤਿਹ ਕਰਦਿਆਂ ਮਾਰੋ ਮਾਰ ਕਰਦਿਆਂ ਸਰਹਿੰਦ ਵੱਲ ਚੜ੍ਹਾਈ ਕੀਤੀ। ਮੁਗਲਾਂ ਦੀ ਸਰਹਿੰਦ ਦਾ ਤ੍ਰਾਹ ਨਿੱਕਲ ਗਿਆ।

ਚੱਪੜਚਿੜੀ ਦੇ ਮੈਦਾਨ ਅੰਦਰ ਗਹਿਗੱਚ ਲੜਾਈ ਹੋਈ। 12 ਮਈ 1710 ਈ: ਨੂੰ ਸੂਬਾ ਸਰਹਿੰਦ ਵਜੀਰ ਖਾਂ ਮਾਰਿਆ ਗਿਆ। ਪਲਾਂ ਵਿਚ ‘ਗੁਰੂ ਮਾਰੀ ਸਰਹਿੰਦ’ ਗਰਕ ਹੋ ਗਈ। ਵਜੀਰ ਖਾਂ ਪਾਪੀ ਦਾ ਅੰਤ ਹੋ ਗਿਆ। ਸੁੱਚਾ ਨੰਦ ਝੂਠਾ, ਤਸੀਹਿਆਂ ਨਾਲ ਮਾਰਿਆ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਪੁਰ ਕੇਸਰੀ ਨਿਸ਼ਾਨ ਝੁਲਾ ਸਿੱਖ ਰਾਜ ਦਾ ਗੜ੍ਹ ਬੰਨ੍ਹਿਆ। ਸਢੌਰੇ ਅਤੇ ਨਾਹਨ ਵਿਚਕਾਰ ਮੁਖਲਿਸਗੜ੍ਹ ਨੂੰ ‘ਲੋਹਗੜ੍ਹ’ ਦਾ ਨਾਮ ਨਿਵਾਜ ਕੇ ਰਾਜਧਾਨੀ ਘੋਸ਼ਿਤ ਕੀਤਾ।

ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਦੇ ਨਾਮ ਪੁਰ ਇਬਾਰਤ ਦਰਜ ਕਰਦਿਆਂ ਸਿੱਕਾ ਚਲਾਇਆ। ਜਿੰਮੀਦਾਰੀ ਪ੍ਰਥਾ ਖਤਮ ਕਰ, ਕਿਰਤੀ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦਿੱਤੀ।