31 ਮਾਰਚ ਤੱਕ ਪ੍ਰਾਪਰਟੀ ਟੈਕਸ ਅਦਾ ਕਰਨ ਤੇ ਨਹੀਂ ਦੇਣਾ ਪਵੇਗਾ ਜੁਰਮਾਨਾ ਅਤੇ ਵਿਆਜ਼ – ਨਗਰ ਨਿਗਮ ਨੇ ਕੀਤੀ ਅਪੀਲ
ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ
ਲੁਧਿਆਣਾ, 16 ਮਾਰਚ: ਮੌਜੂਦਾ ਵਿੱਤੀ ਸਾਲ (2024-25) ਲਈ ਬਿਨਾਂ ਕਿਸੇ ਜੁਰਮਾਨੇ ਦੇ ਪ੍ਰਾਪਰਟੀ/ਜਾਇਦਾਦ ਟੈਕਸ ਦਾ ਭੁਗਤਾਨ ਕਰਨ ਦੀ 31 ਮਾਰਚ ਆਖਰੀ ਤਾਰੀਖ ਹੋਣ ਕਰਕੇ, ਨਗਰ ਨਿਗਮ ਨੇ ਇਸ ਸੰਬੰਧੀ ਸ਼ਹਿਰ ਵਿੱਚ ਜਨਤਕ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਨ੍ਹਾਂ ਜਨਤਕ ਐਲਾਨਾਂ ਰਾਹੀਂ, ਵਸਨੀਕਾਂ ਨੂੰ ਜੁਰਮਾਨੇ ਅਤੇ ਕਾਰਵਾਈ ਤੋਂ ਬਚਣ ਲਈ ਆਪਣੇ ਬਕਾਇਆ ਟੈਕਸਾਂ ਦਾ ਸਮੇਂ ਸਿਰ ਭੁਗਤਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਨਿਯਮਾਂ ਅਨੁਸਾਰ, ਜੇਕਰ ਵਸਨੀਕ 31 ਮਾਰਚ ਤੱਕ ਬਕਾਇਆ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ 20 ਪ੍ਰਤੀਸ਼ਤ ਜੁਰਮਾਨਾ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਦੇਣਾ ਪਵੇਗਾ। ਜ਼ੋਨਲ ਕਮਿਸ਼ਨਰ (ਜ਼ੋਨ ਏ ਅਤੇ ਬੀ) ਨੀਰਜ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ‘ਤੇ ਜਨਤਕ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰਾਂ ‘ਤੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਨ ਤੋਂ ਇਲਾਵਾ, ਵਸਨੀਕ ਨਗਰ ਨਿਗਮ ਦੀ ਵੈੱਬਸਾਈਟ mcludhiana.gov.in
‘ਤੇ ਜਾ ਕੇ ਔਨਲਾਈਨ ਟੈਕਸ ਵੀ ਅਦਾ ਕਰ ਸਕਦੇ ਹਨ।
ਪ੍ਰਾਪਰਟੀ ਟੈਕਸ ਡਿਫਾਲਟਰਾਂ ਦੁਆਲੇ ਸ਼ਿਕੰਜਾ ਕੱਸਣ ਲਈ, ਨਗਰ ਨਿਗਮ ਦੀਆਂ ਟੀਮਾਂ ਵੀ ਬਕਾਇਆ ਟੈਕਸ ਦੀ ਵਸੂਲੀ ਲਈ ਇਲਾਕਿਆਂ ਵਿੱਚ ਜਾ ਰਹੀਆਂ ਹਨ।
ਵਸਨੀਕਾਂ ਨੂੰ ਕਾਰਵਾਈ ਤੋਂ ਬਚਣ ਲਈ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਕਾਰਵਾਈ ਅਧੀਨ ਉਨ੍ਹਾਂ ਦੀਆਂ ਸਬੰਧਤ ਜਾਇਦਾਦਾਂ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।
ਜ਼ੋਨਲ ਕਮਿਸ਼ਨਰ ਨੀਰਜ ਜੈਨ ਨੇ ਕਿਹਾ ਕਿ ਸੁਪਰਡੈਂਟ ਰਾਜੀਵ ਜੈਨ ਅਤੇ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਾਲੀਆਂ ਟੀਮਾਂ ਸ਼ਨੀਵਾਰ ਨੂੰ ਵੀ ਫੀਲਡ ਵਿੱਚ ਗਈਆਂ ਅਤੇ ਪਿਛਲੇ ਦੋ ਦਿਨਾਂ ਵਿੱਚ ਸ਼ੇਰਪੁਰ ਇਲਾਕੇ ਅਤੇ ਦਿੱਲੀ ਰੋਡ ‘ਤੇ ਡਿਫਾਲਟਰਾਂ ਤੋਂ ਲਗਭਗ 5 ਲੱਖ ਰੁਪਏ ਦੀ ਵਸੂਲੀ ਕੀਤੀ।
ਜੈਨ ਨੇ ਕਿਹਾ ਕਿ ਡਿਫਾਲਟਰਾਂ ਵਿਰੁੱਧ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।