ਪਟਿਆਲਾਮੁੱਖ ਖ਼ਬਰਾਂਪੰਜਾਬ

ਮੈਡੀਕਲ ਕਾਲਜ ਵਿਖੇ ਦੇਹ ਤੇ ਅੰਗ ਦਾਨ ਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ 

ਨਿਊਜ਼ ਪੰਜਾਬ

ਪਟਿਆਲਾ, 17 ਫ਼ਰਵਰੀ 2025

ਸੋੱਟੋ ਪੰਜਾਬ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਵੱਲੋਂ ਮਾਨੀਪਾਲ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਬਾਰੇ ਜਾਗਰੂਕਤਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਹ ਸਮਾਗਮ ਅੰਗ ਦਾਨ ਦੀ ਮਹੱਤਤਾ, ਕਾਨੂੰਨੀ ਵਿਧਾਨ, ਅਤੇ ਟ੍ਰਾਂਸਪਲਾਂਟੇਸ਼ਨ ਦੀ ਪ੍ਰਕਿਰਿਆ ਉੱਤੇ ਕੇਂਦਰਤ ਸੀ। ਐਨਜੀਓਜ਼, ਵਿਦਵਾਨਾਂ, ਡਾਕਟਰੀ ਮਾਹਿਰਾਂ ਅਤੇ ਆਮ ਲੋਕਾਂ ਦੀ ਵੱਡੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਇੱਕ ਵੱਡੀ ਕਾਮਯਾਬੀ ਬਣਾਇਆ।

ਡਾ. ਰਾਜਨ ਸਿੰਗਲਾ (ਚੇਅਰਮੈਨ, ਸੋੱਟੋ ਪੰਜਾਬ; ਡਾਇਰੈਕਟਰ ਪ੍ਰਿੰਸੀਪਲ ਅਤੇ ਮੁਖੀ, ਐਨਾਟਮੀ ਵਿਭਾਗ) ਨੇ ਸਰੀਰ ਦਾਨ ਦੀ ਮਹੱਤਤਾ ਅਤੇ ਇਸਦੇ ਵਿਗਿਆਨਕ ਤੇ ਸਮਾਜਿਕ ਲਾਭਾਂ ਉੱਤੇ ਚਾਨਣ ਪਾ‌ਇਆ। ਡਾ. ਗਗਨੀਨ ਕੌਰ ਸੰਧੂ (ਨੋਡਲ ਅਧਿਕਾਰੀ, ਸੋੱਟੋ ਪੰਜਾਬ) ਨੇ ਸੋੱਟੋ ਪੰਜਾਬ ਦੀ ਭੂਮਿਕਾ ਅਤੇ ਅੰਗ ਦਾਨ ਦੀ ਪ੍ਰਕਿਰਿਆ ਉੱਤੇ ਵਿਸ਼ਲੇਸ਼ਣਾਤਮਕ ਚਰਚਾ ਕੀਤੀ। ਡਾ. ਆਕਾਸ਼ ਦੀਪ (ਮੁਖੀ, ਫੋਰੈਂਸਿਕ ਮੈਡੀਸਿਨ ਵਿਭਾਗ) ਨੇ ਅੰਗ ਦਾਨ ਅਤੇ ਟ੍ਰਾਂਸਪਲਾਂਟੇਸ਼ਨ ਲਈ ਠੋਸ ਕਾਨੂੰਨੀ ਧਾਰਾਵਾਂ ‘ਤੇ ਵਿਸ਼ਲੇਸ਼ਣ ਕੀਤਾ, ਤਾਂਕਿ ਲੋਕ ਕਾਨੂੰਨੀ ਸੁਰੱਖਿਆ ਅਤੇ ਨੈਤਿਕ ਪੱਖ ਬਾਰੇ ਜਾਣੂ ਹੋ ਸਕਣ।

ਇਸੇ ਦੌਰਾਨ ਡਾ. ਆਨੰਦ ਅਗਰਵਾਲ (ਮੁਖੀ, ਅੱਖ਼ ਵਿਭਾਗ) ਨੇ ਆੱਖ ਦਾਨ ਦੀ ਮਹੱਤਤਾ ਅਤੇ ਇਸ ਨਾਲ ਨੇਤਰਹੀਣ ਲੋਕਾਂ ਲਈ ਨਵੀਂ ਰੋਸ਼ਨੀ ਦੀ ਉਮੀਦ ਦੀ ਚਰਚਾ ਕੀਤੀ। ਮਨੀਪਾਲ ਹਸਪਤਾਲ ਦੇ ਮਾਹਿਰਾਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ। ਡਾ. ਗੁਨੀਤ ਸਿੰਘ (ਇੰਟੈਨਸਿਵਿਸਟ) ਨੇ ਬ੍ਰੇਨਸਟੈਮ ਮੌਤ ਅਤੇ ਇਸਦੇ ਅੰਗ ਦਾਨ ਉੱਤੇ ਪ੍ਰਭਾਵ ਉੱਤੇ ਵਿਸ਼ਲੇਸ਼ਣ ਪੇਸ਼ ਕੀਤਾ। ਡਾ. ਨਿਤਿਨ ਕੁਮਾਰ (ਨੇਫਰੋਲੋਜਿਸਟ) ਨੇ ਗੁਰਦੇ ਦੀ ਸਿਹਤ, ਗੁਰਦੇ ਦੀਆਂ ਬਿਮਾਰੀਆਂ ਅਤੇ ਅੰਗ ਦਾਨ ਦੀ ਲੋੜ ਬਾਰੇ ਚਰਚਾ ਕੀਤੀ।

ਇਸ ਸਮਾਗਮ ਵਿੱਚ ਗੋਇਲਸ’ ਚੈਰੀਟੇਬਲ ਫਾਊਂਡੇਸ਼ਨ ਟਰੱਸਟ, ਅਗਰਵਾਲ ਸਮਾਜ ਸਭਾ, ਭਾਰਤ ਵਿਕਾਸ ਪਰਿਸ਼ਦ, ਅਤੇ ਸ਼੍ਰੀ ਸਨਾਤਨ ਧਰਮ ਕੁਮਾਰ ਸਭਾ ਵਰਗੀਆਂ ਸਮਾਜਿਕ ਸੰਸਥਾਵਾਂ ਨੇ ਵੀ ਭਾਗ ਲਿਆ, ਜਿਨ੍ਹਾਂ ਨੇ ਅੰਗ ਦਾਨ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਹ ਸਮਾਗਮ ਵਧੀਆ ਜਾਗਰੂਕਤਾ, ਲੋਕਾਂ ਦੀ ਸ਼ਮੂਲੀਅਤ, ਅਤੇ ਅੰਗ ਦਾਨ ਲਈ ਵਚਨਬੱਧਤਾ ਨੂੰ ਵਧਾਉਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਇਆ। ਬਹੁਤ ਸਾਰੇ ਹਾਜ਼ਰੀਨ ਨੇ ਅੰਗ ਦਾਨ ਰਜਿਸਟ੍ਰੇਸ਼ਨ ਵਿੱਚ ਦਿਲਚਸਪੀ ਦਰਸਾਈ, ਜੋ ਕਿ ਇੱਕ ਸਕਾਰਾਤਮਕ ਪਹੁੰਚ ਹੈ। ਸੋੱਟੋ ਪੰਜਾਬ, ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ ਸਹਿਯੋਗੀ ਸੰਸਥਾਵਾਂ, ਮੈਡੀਕਲ ਮਾਹਰਾਂ, ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਾ ਹੈ, ਜੋ ਕਿ ਅੰਗ ਦਾਨ ਦੀ ਜਾਗਰੂਕਤਾ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।