ਮੁੱਖ ਖ਼ਬਰਾਂਪੰਜਾਬ

ਬਠਿੰਡਾ ‘ਚ ਰਿਸ਼ਵਤ ਲੈਂਦਿਆਂ ਨਗਰ ਨਿਗਮ ਦਾ ਬਿਲਡਿੰਗ ਇੰਸਪੈਕਟਰ ਤੇ ਆਰਕੀਟੈਕਟ ਕਾਬੂ

ਨਿਊਜ਼ ਪੰਜਾਬ,21 ਜਨਵਰੀ 2025

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੇ ਬਿਲਡਿੰਗ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਆਰਕੀਟੈਕਟ ਹਨੀ ਮੁੰਜਾਲ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਵੇਂ ਮੁਲਜ਼ਮ ਨਵੀਂ ਕਲੋਨੀ ਦੇ ਨਕਸ਼ੇ ਪਾਸ ਕਰਵਾਉਣ ਲਈ ਪ੍ਰਤੀ ਫਾਈਲ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਸਨ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਸੰਦੀਪ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੰਸਪੈਕਟਰ ਪਲਵਿੰਦਰ ਸਿੰਘ ਨੇ ਤਿੰਨ ਫਾਈਲਾਂ ਕਲੀਅਰ ਕਰਨ ਲਈ ਕੁੱਲ 80,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਰਿਸ਼ਵਤ ਨਾ ਦਿੱਤੀ ਤਾਂ ਫਾਈਲਾਂ ‘ਤੇ ਇਤਰਾਜ਼ ਕੀਤਾ ਜਾਵੇਗਾ।

ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੀ ਬਠਿੰਡਾ ਯੂਨਿਟ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਆਰਕੀਟੈਕਟ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਬਿਲਡਿੰਗ ਇੰਸਪੈਕਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।