ਡੋਨਾਲਡ ਟਰੰਪ ਦੇ ਐਲਾਨ ਨਾਲ ਭਾਰਤੀ ਸ਼ੇਅਰ ਬਾਜ਼ਾਰ ਢਹਿ-ਢੇਰੀ,ਸੈਂਸੇਕਸ ਤੇ ਨਿਫਟੀ ‘ਚ ਭਾਰੀ ਗਿਰਾਵਟ
ਨਿਊਜ਼ ਪੰਜਾਬ
21 ਜਨਵਰੀ 2025
ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜਪੋਸ਼ੀ ਹੁੰਦਿਆਂ ਹੀ ਭਾਰਤੀ ਸ਼ੇਅਰ ਬਾਜ਼ਾਰ ਧੜੰਮ ਕਰਕੇ ਢਹਿ ਗਿਆ। ਨਿਵੇਸ਼ਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ। ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ਵਿੱਚ ਭੂਚਾਲ ਤੋਂ ਬਾਅਦ ਬੈਂਚਮਾਰਕ ਸੂਚਕਾਂਕ ਭਾਰੀ ਗਿਰਾਵਟ ਨਾਲ ਬੰਦ ਹੋਏ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਵਿਦੇਸ਼ੀ ਵਪਾਰ ਉਪਰ ਸ਼ਿਕੰਜਾ ਕੱਸਣ ਦਾ ਸੰਕੇਤ ਦੇਣ ਮਗਰੋਂ ਨਿਵੇਸ਼ਕਾਂ ਵਿੱਚ ਭੈਅ ਦਾ ਮਾਹੌਲ ਬਣਿਆ ਹੈ।
ਹਾਲਾਂਕਿ ਮੰਗਲਵਾਰ ਦੇ ਸੈਸ਼ਨ ਦੌਰਾਨ ਖਰੀਦਦਾਰ ਇੱਕ ਵਾਰ ਫਿਰ ਸੈਂਸੈਕਸ-ਨਿਫਟੀ ਨੂੰ ਹਰੇ ਨਿਸ਼ਾਨ ‘ਤੇ ਲਿਆਉਣ ਵਿੱਚ ਸਫਲ ਰਹੇ ਪਰ ਬਾਜ਼ਾਰ ਫਿਰ ਤੋਂ ਉੱਪਰਲੇ ਪੱਧਰਾਂ ਤੋਂ ਟੁੱਟ ਕੇ ਢੇਰੀ ਗਿਆ। ਆਈਸੀਆਈਸੀਆਈ ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,235.08 ਅੰਕ ਜਾਂ 1.60 ਪ੍ਰਤੀਸ਼ਤ ਡਿੱਗ ਕੇ 75,838.36 ਅੰਕ ‘ਤੇ ਬੰਦ ਹੋਇਆ। ਇੱਕ ਵਾਰ ਤਾਂ ਬੀਐਸਈ ਬੈਂਚਮਾਰਕ 1,431.57 ਅੰਕ ਜਾਂ 1.85 ਪ੍ਰਤੀਸ਼ਤ ਡਿੱਗ ਕੇ 75,641.87 ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ।
ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਗੁਆਂਢੀ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਵਿਸ਼ਵਵਿਆਪੀ ਵਪਾਰ ਯੁੱਧ ਦੀਆਂ ਚਿੰਤਾਵਾਂ ਵਧਣ ਕਾਰਨ ਵਿਆਪਕ ਵਿਕਰੀ ਹੋਈ। ਇਸ ਸਮੇਂ ਦੌਰਾਨ ਬੀਐਸਈ ਸੈਂਸੈਕਸ ਸੱਤ ਮਹੀਨਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਐਨਐਸਈ ਨਿਫਟੀ 320.10 ਅੰਕ ਜਾਂ 1.37 ਪ੍ਰਤੀਸ਼ਤ ਡਿੱਗ ਕੇ 23,024.65 ‘ਤੇ ਬੰਦ ਹੋਇਆ। ਇੰਟਰਾ ਡੇਅ ਕਾਰੋਬਾਰ ਵਿੱਚ ਐਨਐਸਈ ਨਿਫਟੀ 367.9 ਅੰਕ ਜਾਂ 1.57 ਪ੍ਰਤੀਸ਼ਤ ਡਿੱਗ ਕੇ 22,976.85 ‘ਤੇ ਬੰਦ ਹੋਇਆ। ਇਸ ਸਮੇਂ ਦੌਰਾਨ ਟ੍ਰੇਂਟ ਦੇ ਸ਼ੇਅਰ 6 ਪ੍ਰਤੀਸ਼ਤ ਡਿੱਗ ਗਏ ਜਦੋਂਕਿ ਅਡਾਨੀ ਪੋਰਟਸ ਦੇ ਸ਼ੇਅਰ 4 ਪ੍ਰਤੀਸ਼ਤ ਡਿੱਗ ਗਏ।