ਮੁੱਖ ਖ਼ਬਰਾਂਪੰਜਾਬ

ਜੇਲ੍ਹ’ਚ ਫਰਸ਼ ਹੇਠ ਦੱਬੀ ਇਕ ਕਿੱਲੋ ਤੋਂ ਵੱਧ ਹੈਰੋਇਨ,ਅਫੀਮ-ਸੁਲਫਾ ਤੇ ਨਸ਼ੀਲੀਆਂ ਗੋਲੀਆਂ ਸਣੇ 13 ਫੋਨ ਬਰਾਮਦ 

ਪੰਜਾਬ ਨਿਊਜ਼,4 ਜਨਵਰੀ 2025

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਪ੍ਰਸ਼ਾਸਨ ਦੇ ਹੱਥ ਇਕ ਕਿੱਲੋ ਤੋਂ ਵੱਧ ਹੈਰੋਇਨ ਲੱਗੀ ਹੈ। ਜਿਸਦੀ ਕੀਮਤ ਕੌਮਾਂਤਰੀ ਬਜ਼ਾਰ ਵਿਚ ਪੰਜ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਇੰਨਾ ਹੀ ਨਹੀਂ ਸੁਲਫਾ, ਅਫੀਮ, ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ ਇਕ ਦਰਜ਼ਨ ਤੋਂ ਵੱਧ ਮੋਬਾਈਲ ਫੋਨਾਂ ਸਮੇਤ ਹੋਰ ਸਮਾਨ ਵੀ ਬਰਾਮਦ ਹੋਇਆ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ। ਜਿਥੇ ਅਣਪਛਾਤੇ ਬੰਦੀਆਂ ਵਿਰੁੱਧ ਐੱਨਡੀਪੀਐੱਸ ਐਕਟ ਦੇ ਨਾਲ ਨਾਲ ਜੇਲ੍ਹ ਨਿਯਮਾਂ ਦੀ ਉਲੰਘਣਾ ਬਾਬਤ ਕੇਸ ਦਰਜ ਕੀਤਾ ਗਿਆ ਹੈ।

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਸਕਿਉਰਟੀ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੇਲ੍ਹ ਦੀ ਵਾਰਡ ਨੰਬਰ 6 ਦੀ ਬੈਰਕ 5 ਵਿਚ ਤਲਾਸ਼ੀ ਕੀਤੀ ਗਈ ਤਾਂ ਉਥੇ ਫਰਸ਼ ਦੀ ਭੰਨ ਤੋੜ ਕਰਕੇ ਅੰਦਰ ਗੁਪਤ ਜਗ੍ਹਾ ਬਣਾਈ ਮਿਲੀ। ਜਿਸਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 12 ਸਮਾਰਟ ਫੋਨ ਅਤੇ ਇਕ ਕੀਪੈਡ ਵਾਲਾ ਫੋਨ ਹੱਥ ਲੱਗਾ। ਜਦੋਂਕਿ 1170 ਗ੍ਰਾਮ ਹੈਰੋਇਨ, 98 ਗ੍ਰਾਮ ਅਫੀਮ, 218 ਗ੍ਰਾਮ ਸੁਲਫਾ, 5150 ਨਸ਼ੀਲੀਆਂ ਗੋਲੀਆਂ, 6 ਸਿਮ ਕਾਰਡ, 16 ਹੈੱਡ ਫੋਨ, 3 ਚਾਰਜ, 1 ਡਾਟਾ ਕੇਬਲ ਅਤੇ 6 ਈਅਰ ਪੋਡ ਵੀ ਬਰਾਮਦ ਹੋਏ। ਜੇਲ੍ਹ ਪ੍ਰਸ਼ਾਸਨ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਉਕਤ ਸਮਾਨ ਕਰਨ ਦੇ ਨਾਲ ਨਾਲ ਇਸ ਬੈਰਕ ਵਿਚ ਬੰਦ ਕੁੱਲ 36 ਲੋਕਾਂ ਦੇ ਨਾਵਾਂ ਦੀ ਸੂਚੀ ਵੀ ਸੌਂਪੀ ਹੈ। ਤਾਂ ਜੋ ਮੋਬਾਈਲ ਫੋਨਾਂ ਦੀ ਜਾਂਚ ਉਪਰੰਤ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੀ ਵਰਤੋਂ ਕੌਣ ਕੌਣ ਕਰਦੇ ਸਨ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਹੋਏ ਸਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਫਿਲਹਾਲ ਅਣਪਛਾਤੇ ਲੋਕਾਂ ਵਿਰੁੱਧ ਕਾਰਵਾਈ ਕਰਕੇ ਅਗਲੀ ਜਾਂਚ ਲਈ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚੋਂ ਮਿਲੇ ਫੋਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।