ਬਲ਼ਦੇ ਸਰੀਰ ਨਾਲ ਅੱਧਾ ਕਿਲੋਮੀਟਰ ਦੌੜਿਆ ਨੌਜਵਾਨ, ਮੰਗਦਾ ਰਿਹਾ ਮਦਦ, ਲੋਕ ਬਣਾਉਂਦੇ ਰਹੇ ਵੀਡੀਓ
ਪੰਜਾਬ ਨਿਊਜ਼,22 ਦਿਸੰਬਰ 2024
ਰਾਜਸਥਾਨ ਦੇ ਜੈਪੁਰ ‘ਚ ਬੀਤੇ ਦਿਨ ਇਕ ਗੈਸ ਟੈਂਕਰ ਨੂੰ ਅੱਗ ਲੱਗ ਗਈ ਸੀ। ਇਸ ਹਾਦਸੇ ‘ਚ 12 ਲੋਕ ਜ਼ਿੰਦਾ ਸੜ ਗਏ, ਹੁਣ ਇਸ ਹਾਦਸੇ ਨਾਲ ਸਬੰਧਤ ਇਕ ਵਿਅਕਤੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀਆਂ ਲਪਟਾਂ ‘ਚ ਘਿਰਿਆ ਵਿਅਕਤੀ ਮਦਦ ਦੀ ਭਾਲ ‘ਚ 600 ਮੀਟਰ ਤਕ ਦੌੜਿਆ ਪਰ ਉੱਥੇ ਮੌਜੂਦ ਲੋਕਾਂ ਨੇ ਮਦਦ ਦੀ ਬਜਾਏ ਉਸ ਦੀ ਵੀਡੀਓ ਬਣਾਉਣ ਨੂੰ ਤਹਜੀਹ ਦਿੱਤੀ।ਜੈਪੁਰ ‘ਚ ਨੈਸ਼ਨਲ ਬੀਅਰਿੰਗਜ਼ ਕੰਪਨੀ ਲਿਮਟਿਡ ‘ਚ ਇਕ ਮੋਟਰ ਮਕੈਨਿਕ ਰਾਧੇਸ਼ਿਆਮ ਚੌਧਰੀ ਰੋਜ਼ਾਨਾ ਵਾਂਗ ਮੋਟਰਸਾਈਕਲ ‘ਤੇ ਰਿੰਗ ਰੋਡ ਨੇੜੇ ਆਪਣੇ ਘਰ ਤੋਂ ਨਿਕਲਿਆ ਸੀ, ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਅਜਿਹੀ ਘਟਨਾ ਸਿਰਫ਼ 2 ਕਿਲੋਮੀਟਰ ਅੱਗੇ ਵਾਪਰ ਜਾਵੇਗੀ। ਰਾਧੇਸ਼ਿਆਮ ਚੌਧਰੀ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ।
ਉਸ ਦਿਨ ਸਵੇਰੇ ਕਰੀਬ 5:50 ਵਜੇ ਕਿਸੇ ਅਜਨਬੀ ਨੇ ਰਾਧੇਸ਼ਿਆਮ ਚੌਧਰੀ ਦੇ ਭਰਾ ਅਖੇਰਾਮ ਨੂੰ ਫੋਨ ਕੀਤਾ ਤੇ ਉਸ ਨੂੰ ਹੀਰਾਪੁਰਾ ਬੱਸ ਟਰਮੀਨਲ ‘ਤੇ ਆਉਣ ਲਈ ਕਿਹਾ ਕਿਉਂਕਿ ਉਸ ਦਾ ਭਰਾ ਮੁਸ਼ਕਲ ‘ਚ ਸੀ। ਉਹ ਆਪਣੇ ਦੋ ਗੁਆਂਢੀਆਂ ਨਾਲ ਉਥੇ ਪਹੁੰਚ ਗਿਆ ਸੀ। ਭਰਾ ਅਖੇਰਾਮ ਨੇ ਕਿਹਾ, ‘ਮੇਰਾ ਭਰਾ ਸੜਕ ‘ਤੇ ਪਿਆ ਹੋਇਆ ਸੀ। ਲੋਕਾਂ ਨੇ ਮੈਨੂੰ ਦੱਸਿਆ ਕਿ ਉਹ ਧਮਾਕੇ ਵਾਲੀ ਥਾਂ ਤੋਂ ਕਰੀਬ 600 ਮੀਟਰ ਦੂਰ ਚਲਾ ਗਿਆ। ਉਹ ਸੜਕ ‘ਤੇ ਮਦਦ ਲਈ ਰੌਲਾ ਪਾ ਰਿਹਾ ਸੀ। ਪਰ ਜ਼ਿਆਦਾਤਰ ਲੋਕਾਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਦੀ ਵੀਡੀਓ ਬਣਾਈ।’