ਮੁੱਖ ਖ਼ਬਰਾਂਪੰਜਾਬ

ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਉਮੜਿਆ ਸ਼ਰਧਾ ਦਾ ਸੈਲਾਬ

ਪੰਜਾਬ ਨਿਊਜ਼,22 ਦਿਸੰਬਰ 2024

ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਚੱਲ ਰਹੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਤੜਕੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼ ਵਿਦੇਸ਼ ਤੇ ਦੂਰ ਦੁਰਾਂਡੇ ਤੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਤਾੜੀ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ, ਐੱਸਜੀਪੀਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਅਜਮੇਰ ਸਿੰਘ ਖੇੜਾ, ਕਰਨ ਸਿੰਘ ਡੀਟੀਓ, ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ, ਜਥੇਦਾਰ ਹਰਬੰਸ ਸਿੰਘ ਕੰਧੋਲਾ, ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ ਸਮੇਤ ਕਈ ਸ਼ਖ਼ਸੀਅਤਾਂ ਨੇ ਗੁਰੂਘਰ ਵਿਚ ਹਾਜ਼ਰੀ ਭਰ ਕੇ ਸਰਬੱਤ ਦੇ ਭਲ਼ੇ ਦੀ ਅਰਦਾਸ ਕੀਤੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸੰਗਤ ਸਿੰਘ ਦੀਵਾਨ ਹਾਲ ਵਿਚ ਸਜਾਈ ਧਾਰਮਿਕ ਸਟੇਜ ਤੋਂ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ।

ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੱਖ ਸਿੰਘ ਢੋਲੇਵਾਲ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਲਈ ਸੰਗਤਾਂ ਗੁਰੂਘਰਾਂ ਵਿਚ ਸਵੇਰੇ ਤੋਂ ਹੀ ਨਤਮਸਤਕ ਹੋ ਰਹੀਆ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ’ਤੇ ਲੰਗਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਸ਼ਹੀਦੀ ਜੋੜ ਮੇਲ ਦੇ ਤੀਜੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਤੋਂ ਇਲਾਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਐਸਜੀਪੀਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿਸ ਦਾ ਚੱਪਾ ਚੱਪਾ ਸਿੰਘਾਂ ਦੇ ਪਵਿੱਤਰ ਖੂਨ ਸਿੰਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ’ਤੇ ਪਹੁੰਚਣ ਵਾਲੀ ਸਮੂਹ ਸੰਗਤਾਂ ਦਾ ਸਵਾਗਤ ਕਰਦਾਂ ਹਾਂ ਅਤੇ ਬੇਨਤੀ ਕਰਦਾ ਹਾਂ ਮਾਪੇ ਆਪਣੇ ਬੱਚਿਆ ਨੂੰ ਜ਼ਰੂਰ ਇਸ ਪਵਿੱਤਰ ਧਰਤੀ ਦੇ ਦਰਸ਼ਨ ਕਰਵਾਉਣ ਤੇ ਇੱਥੋਂ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਤਾਂ ਕਿ ਬੱਚਿਆ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਪਤਾ ਲੱਗ ਸਕੇ।