ਮੁੱਖ ਖ਼ਬਰਾਂਪੰਜਾਬ

ਚੰਡੀਗੜ੍ਹ,’ਚ ਦਿਲਜੀਤ ਦੁਸਾਂਝ ਦੇ ਲਾਈਵ ਸ਼ੋਅ ਦੌਰਾਨ 150 ਮੋਬਾਈਲ ਫੋਨ ਹੋਏ ਚੋਰੀ, ਚੰਡੀਗੜ੍ਹ ਪੁਲਿਸ ਤੱਕ ਪਹੁੰਚੀ ਸ਼ਿਕਾਇਤ

ਚੰਡੀਗੜ੍ਹ-16 ਦਿਸੰਬਰ 2024

ਚੰਡੀਗੜ੍ਹ ਦੇ ਸੈਕਟਰ 34 ‘ਚ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਚੋਰਾਂ ਨੇ ਪੁਲਿਸ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲਜੀਤ ਦੇ ਸਮਾਗਮ ਵਿੱਚ ਸੈਂਕੜੇ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਚੋਰਾਂ ਨੇ 150 ਮੋਬਾਈਲ ਚੋਰੀ ਕਰ ਲਏ। 14 ਦਸੰਬਰ ਦੀ ਸ਼ਾਮ ਤੋਂ ਹੁਣ ਤੱਕ ਮੋਬਾਈਲ ਚੋਰੀ ਦੀਆਂ 150 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜੋ ਕਿ ਰਿਕਾਰਡ ‘ਤੇ ਹਨ।

ਜਿਨ੍ਹਾਂ ਲੋਕਾਂ ਦੇ ਮੋਬਾਈਲ ਚੋਰੀ ਹੋ ਗਏ ਹਨ, ਉਹ ਹੌਲੀ-ਹੌਲੀ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਇਹ ਅੰਕੜਾ 170 ਨੂੰ ਪਾਰ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕਰਨ ਔਜਲਾ ਦੇ ਸ਼ੋਅ ਵਿੱਚ ਮੋਬਾਈਲ ਚੋਰੀ ਦੀਆਂ 21 ਸ਼ਿਕਾਇਤਾਂ ਮਿਲੀਆਂ ਸਨ, ਪਰ ਹੌਲੀ-ਹੌਲੀ ਸ਼ਿਕਾਇਤਾਂ ਵਧਦੀਆਂ ਗਈਆਂ। ਕੁਝ ਲੋਕ ਸ਼ੋਅ ਛੱਡ ਕੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਉਣ ਗਏ। ਸ਼ੋਅ ਖਤਮ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ।

ਲੋਕਾਂ ਦਾ ਕਹਿਣਾ ਸੀ ਕਿ ਉਹ ਦਿਲਜੀਤ ਦੇ ਸ਼ੋਅ ਦਾ ਆਨੰਦ ਲੈਣ ਆਏ ਸੀ ਪਰ ਸ਼ੋਅ ਦੌਰਾਨ ਉਨ੍ਹਾਂ ਦਾ ਮੋਬਾਈਲ ਫੋਨ ਚੋਰੀ ਹੋਣ ਦੀ ਚਿੰਤਾ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨੀ ਪੁਲਿਸ ਸੁਰੱਖਿਆ ਦੇ ਬਾਵਜੂਦ ਚੋਰ ਭੀੜ ਵਿੱਚ ਕਿਵੇਂ ਵੜ ਗਏ, ਜਦੋਂ ਕਿ ਮੇਨ ਐਂਟਰੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਚੈਕਿੰਗ ਕਰ ਰਹੀ ਸੀ। ਪੁਲਿਸ ਸਿਰਫ਼ ਟਿਕਟਾਂ ਜਾਂ ਪਾਸਾਂ ਵਾਲੇ ਲੋਕਾਂ ਨੂੰ ਹੀ ਅੰਦਰ ਜਾਣ ਦੇ ਰਹੀ ਸੀ। ਇਸ ਦੇ ਬਾਵਜੂਦ ਚੋਰ ਮੇਨ ਐਂਟਰੀ ਤੱਕ ਪਹੁੰਚ ਗਏ।

ਡਰੋਨ ਕੈਮਰਿਆਂ ਰਾਹੀਂ ਸ਼ੋਅ ਦੀ ਐਂਟਰੀ ਤੋਂ ਲੈ ਕੇ ਬਾਹਰ ਜਾਣ ਤੱਕ ਨਿਗਰਾਨੀ ਰੱਖੀ ਜਾ ਰਹੀ ਸੀ। ਇਸ ਦੇ ਬਾਵਜੂਦ ਚੋਰ ਬਿਨਾਂ ਕਿਸੇ ਡਰ ਤੋਂ ਚੋਰੀਆਂ ਕਰਦੇ ਰਹੇ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇੱਕ ਵੀ ਚੋਰ ਨੂੰ ਫੜ ਨਹੀਂ ਸਕੀ। ਕਰਨ ਔਜਲਾ ਦੇ ਸ਼ੋਅ ਵਿੱਚ ਹੋਈਆਂ ਚੋਰੀ ਦੀਆਂ ਘਟਨਾਵਾਂ ਤੋਂ ਪੁਲਿਸ ਨੇ ਵੀ ਕੋਈ ਸਬਕ ਨਹੀਂ ਸਿੱਖਿਆ।