ਅੰਮ੍ਰਿਤਸਰਮੁੱਖ ਖ਼ਬਰਾਂਪੰਜਾਬ

15 ਤੋਂ 28 ਦਸੰਬਰ ਤੱਕ ਸ਼ਹੀਦੀ ਪੰਦੜਵਾੜੇ ਦੌਰਾਨ ਲਗਾਏ ਜਾਣ ਸਾਦੇ ਲੰਗਰ, ਸ਼ਹੀਦਾਂ ਦੀ ਯਾਦ ‘ਚ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕੀਤੇ ਜਾਣ : ਜਥੇਦਾਰ

ਪੰਜਾਬ ਨਿਊਜ਼,15  ਦਿਸੰਬਰ 2024

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਧਿਆਨ ਵਿੱਚ ਰੱਖਦੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 15 ਤੋਂ ਲੈ ਕੇ 28 ਦਸੰਬਰ ਤੱਕ ਸ਼ਹੀਦੀ ਪੰਦੜਵਾੜਾ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਗੁਰਦੁਆਰਿਆਂ ਵਿੱਚ ਸਾਦੇ ਲੰਗਰ ਤਿਆਰ ਕੀਤੇ ਜਾਣ ਤੇ ਲੰਗਰ ਵਿੱਚ ਕਿਸੇ ਵੀ ਪ੍ਰਕਾਰ ਦਾ ਮਿੱਠਾ ਜਾਂ ਵਿਸ਼ੇਸ਼ ਪਕਵਾਨ ਤਿਆਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 22 ਦਸੰਬਰ ਨੂੰ ਸਵੇਰੇ 10 ਵਜੇ ਤੋਂ 10 ਮਿੰਟ ਤੱਕ ਸਾਹਿਬਜਾਦਾ ਬਾਬਾ ਅਜੀਤ ਸਿੰਘ, ਸਾਹਿਬਜਾਦਾ ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਤੇ ਹੋਰਨਾਂ ਸ਼ਹੀਦਾਂ ਦੀ ਯਾਦ ਵਿੱਚ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕੀਤੇ ਜਾਣ।ਇਸੇ ਤਰ੍ਹਾਂ 27 ਦਸੰਬਰ ਨੂੰ ਸਵੇਰੇ 10 ਵਜੇ 10 ਮਿੰਟ ਤੱਕ ਛੋਟੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਤੇ ਹੋਰਨਾ ਸ਼ਹੀਦਾਂ ਦੀ ਯਾਦ ਵਿੱਚ ਗੁਰ ਮੰਤਰ ਤੇ ਮੂਲ ਮੰਤਰ ਦੇ ਜਾਪ ਕੀਤੇ ਜਾਣ। ਜਥੇਦਾਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਜਾਣ ਸਮੇਂ ਕਿਸੇ ਵੀ ਪ੍ਰਕਾਰ ਦੀ ਹੁੱਲੜਬਾਜੀ ਜਾਂ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਦਿਨ ਸਾਦੇ ਢੰਗ ਨਾਲ ਮਨਾਉਣੇ ਚਾਹੀਦੇ ਹਨ।