ਮੁੱਖ ਖ਼ਬਰਾਂਪੰਜਾਬ

ਕਮਾਦ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਪਿੰਡ ਦੇ ਹੀ ਦੋ ਨੌਜਵਾਨਾਂ ‘ਤੇ ਲਗਾਇਆ ਓਵਰਡੋਜ਼ ਦੇਣ ਦਾ ਦੋਸ਼

15 ਦਿਸੰਬਰ 2024

ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾਂ ਖੁੱਡੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਚੀਮਾ ਖੁੱਡੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪੁੱਤਰ ਪ੍ਰਭਜੀਤ ਸਿੰਘ ਨੂੰ ਕੱਲ੍ਹ ਸ਼ਾਮ ਨੂੰ ਪਿੰਡ ਦੇ ਗੋਲਡੀ ਅਤੇ ਵਿਕਰਮਜੀਤ ਸਿੰਘ ਘਰੋਂ ਸਕੂਟਰੀ ਤੇ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੇ ਹੀ ਉਸਦੇ ਪੁੱਤਰ ਨੂੰ ਮਾਰਿਆ ਹੈ। ਉਹਨਾਂ ਸ਼ੱਕ ਜਤਾਈ ਕਿ ਉਸਦੇ ਪੁੱਤਰ ਨੂੰ ਜ਼ਿਆਦਾ ਨਸ਼ਾ ਦਿੱਤਾ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਪੁੱਤਰ ਦੀ ਪਿੰਡ ਦੇ ਬਾਹਰ ਕਮਾਦ ਵਿੱਚੋਂ ਲਾਸ਼ ਮਿਲੀ ਹੈ। ਉਹਨਾਂ ਦੱਸਿਆ ਕਿ ਜਦ ਉਹ ਖੇਤਾਂ ‘ਚ ਪੁੱਜੇ ਤਾਂ ਉਸਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ। ਉਹਨਾਂ ਨੇ ਕਿਹਾ ਕਿ ਉਸਦੇ ਪੁੱਤਰ ਨੂੰ ਜਿਆਦਾ ਨਸ਼ਾ ਦੇ ਕੇ ਮਾਰਿਆ ਗਿਆ ਹੈ। ਉਧਰ ਪਰਿਵਾਰ ਨੇ ਲਾਸ਼ ਨੂੰ ਸ਼੍ਰੀ ਹਰਗੋਬਿੰਦਪੁਰ ਬਟਾਲਾ ਮਾਰਗ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੋ ਲੋਕ ਮ੍ਰਿਤਕ ਪ੍ਰਭਜੀਤ ਸਿੰਘ ਨੂੰ ਘਰੋਂ ਬੁਲਾ ਕੇ ਲਿਆਏ ਸੀ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪਹੁੰਚੇ ਥਾਣਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਮੁਖੀ ਬਿਕਰਮ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਭਰੋਸਾ ਮਿਲਣ ਤੇ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ।