ਅੱਜ ਤੋਂ ਟੋਲ ਫ਼੍ਰੀ ਮੋਰਚੇ ਖ਼ਤਮ ਕਰਨ ਦਾ ਕੀਤਾ ਐਲਾਨ, ਬਠਿੰਡਾ ਦੀ ਦਾਣਾ ਮੰਡੀ’ਚ ਪੁਲਿਸ ਅਤੇ ਕਿਸਾਨਾਂ ‘ਚ ਹੋਈ ਝੜਪ ਤੋਂ ਬਾਅਦ ਕੀਤੀ ਨਿਖੇਧੀ

ਪੰਜਾਬ ਨਿਊਜ਼,13 ਨਵੰਬਰ 2024

ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਫ਼ੈਸਲਾ ਕੀਤਾ ਕਿ 13 ਨਵੰਬਰ ਸ਼ਾਮ ਤੋਂ ਟੋਲ ਫ਼ਰੀ ਮੋਰਚੇ ਖ਼ਤਮ ਕਰਕੇ 14 ਤੋਂ ਝੋਨੇ ਦੀ ਖ਼ਰੀਦ ‘ਚ ਅੜਿੱਕਿਆਂ ਵਾਲੀਆਂ ਮੰਡੀਆਂ ’ਚ ਜ਼ੋਰਦਾਰ ਧਰਨੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਗਿੱਦੜਬਾਹਾ ਤੇ ਬਰਨਾਲਾ ਦੇ ਚੋਣ ਹਲਕਿਆਂ ਦੇ ਸ਼ਹਿਰਾਂ/ਪਿੰਡਾਂ ’ਚ ਵੋਟ ਪਾਰਟੀਆਂ ਵਿਰੁੱਧ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਾਲੇ ਵੀ ਬਹੁਤ ਸਾਰੀਆਂ ਮੰਡੀਆਂ ’ਚ ਝੋਨੇ ਦੀ ਬੇਕਦਰੀ ਤੇ ਕਟੌਤੀਆਂ ਰਾਹੀਂ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਸੂਬਾ ਆਗੂ ਟੀਮ ਵੱਲੋਂ ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ’ਚ ਲੰਗਰ ਛਕ ਰਹੇ ਸ਼ਾਂਤਮਈ ਧਰਨਾਕਾਰੀ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ। ਇਸ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।ਜਥੇਬੰਦੀ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਬਿਨਾਂ ਵਜ੍ਹਾ ਲਾਠੀਚਾਰਜ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਦੇ ਵਿਚਾਲੇ ਬੀਕੇਯੂ ਉਗਰਾਹਾ ਜਥੇਬੰਦੀ ਦੇ ਬੁਲਾਰੇ ਅਤੇ ਆਗੂ ਜਗਸੀਰ ਸਿੰਘ ਝੁੰਬਾ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਭ ਤੋਂ ਪਹਿਲਾਂ ਵਿਵਾਦ ਝੋਨੇ ਦੀ ਖਰੀਦ ਨੂੰ ਲੈ ਕੇ ਹੋਇਆ ਸੀ। ਇਸ ਤੋਂ ਬਾਅਦ ਨਾਇਬ ਤਹਿਸੀਲ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਵੀ ਬੰਦੀ ਬਣਾਇਆ ਗਿਆ ਪਰ ਧੱਕਾ ਮੁੱਕੀ ਨਹੀਂ ਕੀਤੀ ਗਈ। ਕਿ ਕਿਸਾਨ ਜਗਸੀਰ ਸਿੰਘ ਨੇ ਝੜਪ ਦੀ ਸ਼ੁਰੂਆਤ ਪੁਲਿਸ ਦੇ ਵੱਲੋਂ ਕੀਤੀ ਜਾਣ ਦੇ ਆਰੋਪ ਲਗਾਏ ਹਨ ਅਤੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਜੇਕਰ ਇਸ ਘਟਨਾ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਗੱਡੀ ਅਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਹੋਵੇ ਤਾਂ ਸਾਨੂੰ ਚੌਂਕ ਦੇ ਵਿੱਚ ਖੜਾ ਕਰ ਕੇ ਗੋਲੀ ਮਾਰ ਦਿਓ।