ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੀ ਹਵਾ ਹੋਈ ਜ਼ਹਿਰੀਲੀ,ਅੱਜ ਵੀ ਬਿਊਟੀਫੁੱਲ ਸਿਟੀ ਦਾ AQI 370 ਤੋਂ ਪਾਰ, ਅਲਰਟ ਜਾਰੀ, ਇਦਾਂ ਰੱਖੋ ਆਪਣਾ ਖਿਆਲ

ਮੌਸਮ ਵਿਭਾਗ,13 ਨਵੰਬਰ 2024

ਪੰਜਾਬ ਵਿੱਚ ਪਰਾਲੀ ਸਾੜਨ ਕਰਕੇ ਚੰਡੀਗੜ੍ਹ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸਥਿਤੀ ਦਿੱਲੀ ਨਾਲੋਂ ਵੀ ਗੰਭੀਰ ਹੋ ਗਈ ਹੈ। ਚੰਡੀਗੜ੍ਹ ਦਾ AQI ਸੋਮਵਾਰ ਸਵੇਰੇ 5 ਵਜੇ 341 ਦਰਜ ਕੀਤਾ ਗਿਆ। ਭਾਵੇਂ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ ਮੰਡੀ ਗੋਬਿੰਦਗੜ੍ਹ ਦਾ ਤਾਂ ਸਭ ਤੋਂ ਬੁਰਾ ਹਾਲ ਰਿਹਾ ਹੈ।ਇੱਥੇ AQI 270 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਠੰਡ ਵਧਣ ਲੱਗ ਗਈ ਹੈ। 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਨਾਲੋਂ 1.7 ਡਿਗਰੀ ਘੱਟ ਸੀ।ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਕਈ ਥਾਵਾਂ ‘ਤੇ ਸੰਘਣੀ ਧੁੰਦ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।

ਪੰਜਾਬ ਯੂਨੀਵਰਸਿਟੀ ਅਤੇ ਨਿਊ ਚੰਡੀਗੜ੍ਹ ਵਾਲੇ ਪਾਸੇ AQI 319 ਅਤੇ ਮੋਹਾਲੀ ਵਾਲੇ ਪਾਸੇ ਸੈਕਟਰ-53 ਦੀ ਹਾਲਤ ਸਭ ਤੋਂ ਮਾੜੀ ਹੈ। ਇੱਥੇ AQI 341 ‘ਤੇ ਪਹੁੰਚ ਗਿਆ ਹੈ।ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਸ਼ਹਿਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਨਗਰ ਨਿਗਮ ਨੂੰ ਛਿੜਕਾਅ ਅਤੇ ਹੋਰ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਧੁੰਦ ਪੈਣ ਦੀ ਵੀ ਭਵਿੱਖਬਾਣੀ ਕੀਤੀ ਹੈ। ਵਿਭਾਗ ਨੇ 15 ਨਵੰਬਰ ਤੱਕ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਅੱਜ ਸਵੇਰੇ ਵੀ ਚੰਡੀਗੜ੍ਹ ਦਾ AQI ਬਹੁਤ ਖਤਰਨਾਕ ਪੱਧਰ ‘ਤੇ ਸੀ। ਸੈਕਟਰ 22 ਦੇ ਨਾਲ ਲੱਗਦੇ ਇਲਾਕੇ ਵਿੱਚ AQI 370 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੰਡੀ ਗੋਬਿੰਦਗੜ੍ਹ ਦਾ AQI 289, ਪਟਿਆਲਾ 269, ਅੰਮ੍ਰਿਤਸਰ 254, ਜਲੰਧਰ 232, ਲੁਧਿਆਣਾ 228, ਰੂਪਨਗਰ 190 ਅਤੇ ਬਠਿੰਡਾ 151 ਰਿਹਾ। ਦੱਸ ਦੇਈਏ ਕਿ ਚੰਡੀਗੜ੍ਹ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਨ ਤੋਂ ਇਕ ਕਦਮ ਦੂਰ ਹੈ

ਸਿਹਤ ਵਿਭਾਗ ਦੇ ਮਾਹਰਾਂ ਅਨੁਸਾਰ ਇਸ ਮੌਸਮ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਉਦਾਹਰਣ ਵਜੋਂ, ਘਰ ਤੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣਾ ਚਾਹੀਦਾ ਹੈ। ਖੁਰਾਕ ਦਾ ਧਿਆਨ ਰੱਖੋ। ਪ੍ਰਦੂਸ਼ਣ ਤੋਂ ਬਚਣ ਲਈ ਖੁਰਾਕ ਚੰਗੀ ਹੋਣੀ ਚਾਹੀਦੀ ਹੈ। ਘਰ ਦੀ ਹਵਾ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਏ ਜਾ ਸਕਦੇ ਹਨ। ਪ੍ਰਦੂਸ਼ਣ ਤੋਂ ਬਚਣ ਲਈ ਘਰ ਤੋਂ ਘੱਟ ਬਾਹਰ ਨਿਕਲੋ। ਸਮੋਕਿੰਗ ਕਰਨ ਤੋਂ ਬਚੋ।