ਲੁਧਿਆਣਾ ‘ ਚ ਸਮਰਾਲਾ ਚੌਕ ਤੋਂ ਕੋਹਾੜਾ ਤੱਕ ਚੰਡੀਗੜ੍ਹ ਰੋਡ ਰਹੇਗੀ ਬੰਦ , 8 ਨਵੰਬਰ ਨੂੰ ਘਰੋਂ ਸੋਚ ਸਮਝ ਕੇ ਨਿਕਲਣਾ
6 ਨਵੰਬਰ 2024
ਪੰਜਾਬ ਸਰਕਾਰ ਵੱਲੋਂ 08 ਨਵੰਬਰ, 2024 ਨੂੰ ਪਿੰਡ ਧਨਾਨਸੂ, ਜ਼ਿਲ੍ਹਾ ਲੁਧਿਆਣਾ ਵਿਖੇ ‘ਨਵੇਂ ਚੁਣੇ ਸਰਪੰਚਾਂ’ ਲਈ ਰਾਜ ਪੱਧਰੀ ਸਹੁੰ ਚੁੱਕ ਸਮਾਰੋਹ ਕਰਵਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਇਸ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਸਰਪੰਚਾਂ ਨੂੰ ਸਹੁੰ ਚੁਕਾਉਣਗੇ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ।
ਸਮਾਗਮ ਦੇ ਮੱਦੇਨਜ਼ਰ ਮੁੱਖ ਤੌਰ ‘ਤੇ 4 ਸੜਕੀ ਮਾਰਗ ਪ੍ਰਭਾਵਿਤ ਹੋਣਗੇ ਜਿਨ੍ਹਾਂ ਵਿੱਚ ਸਮਰਾਲਾ ਚੌਂਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ/ਧਨਾਨਸੂ ਰੋਡ ਅਤੇ ਦੱਖਣੀ ਬਾਈਪਾਸ ਰੋਡ ਸ਼ਾਮਲ ਹਨ।
ਪੁਲਿਸ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਬਚਾਅ ਲਈ ਇਨ੍ਹਾਂ ਰਸਤਿਆਂ ਦਾ ਇਸਤੇਮਾਲ ਕਰਨ ਲਈ ਐਡਵਾਇਜਰੀ ਜਾਰੀ ਕੀਤੀ ਹੈ।
1.ਸਮਰਾਲਾ ਚੌਕ – ਸਮਰਾਲਾ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੇ ਵਾਹਨ ਸ਼ੇਰਪੁਰ ਚੌਕ ਤੋਂ ਹੋ ਕੇ ਦੋਰਾਹਾ ਅਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਣਗੇ।
2.ਸਾਹਨੇਵਾਲ ਚੌਕ – ਸਾਹਨੇਵਾਲ ਚੌਕ ਤੋਂ ਕੋਹਾੜਾ ਵਾਲੇ ਪਾਸੇ ਜਾਣ ਵਾਲੇ ਵਾਹਨ ਕੋਹਾੜਾ-ਮਾਛੀਵਾੜਾ ਰੋਡ, ਭੈਣੀ ਸਾਹਿਬ ਤੋਂ ਕਟਾਣੀ ਕਲਾਂ ਵਾਇਆ ਨੀਲੋਂ ਵੱਲ ਜਾਣਗੇ।
3. ਨੀਲੋ ਨਹਿਰ ਦਾ ਪੁਲ – ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲੇ ਵਾਹਨ ਨੀਲੋ ਨਹਿਰ ਰਾਹੀਂ, ਦੋਰਾਹਾ ਬਾਈਪਾਸ ਤੋਂ ਲੁਧਿਆਣਾ ਸ਼ਹਿਰ ਵੱਲ ਆਉਣਗੇ।
.4 ਕੋਹਾੜਾ ਚੌਕ – ਮਾਛੀਵਾੜਾ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲੇ ਵਾਹਨ ਸਾਹਨੇਵਾਲ ਪੁਲ ਤੋਂ ਦੋਰਾਹਾ ਅਤੇ ਨੀਲੋ ਹੁੰਦੇ ਹੋਏ ਲੁਧਿਆਣਾ ਸ਼ਹਿਰ ਨੂੰ ਆਉਣਗੇ।
5. ਟਿੱਬਾ ਨਹਿਰ ਦਾ ਪੁਲ – ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੇ ਵਾਹਨ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਦੀ ਵਰਤੋਂ ਕਰਨਗੇ।
6. ਵੇਰਕਾ ਕੱਟ – ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੇ ਵਾਹਨ ਜਗਰਾਉਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਉਣਗੇ।
7. ਰਾਮਗੜ੍ਹ ਚੌਂਕ – ਸਮਰਾਲਾ ਚੌਂਕ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਦਿੱਲੀ ਹਾਈਵੇਅ ਤੋਂ ਹੋ ਕੇ ਲੁਧਿਆਣਾ ਏਅਰਪੋਰਟ ਰੋਡ ਤੋਂ ਲੰਘਣਗੇ।