ਕੰਗਨਾ ਰਣੌਤ ਦੇ ਬਿਆਨਾਂ ਤੇ ਛਿੜਿਆ ਸਿਆਸੀ ਘਮਸਾਨ ,ਫਿਰ ਵਿਵਾਦਾਂ ‘ਚ ਕੰਗਨਾ ਰਣੌਤ
26 ਅਗਸਤ 2024
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਕੰਗਨਾ ਰਣੌਤ ਦੇ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ‘ਚ ਰੋਸ ਹੈ। ਸਿਆਸੀ ਪਾਰਟੀਆਂ ਦੇ ਨੇਤਾ ਇਸ ਨੂੰ ਲੈ ਕੇ ਕੰਗਨਾ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਉਸ ਦੀ ਨਵੀਂ ਫਿਲਮ ਐਮਰਜੈਂਸੀ ਦਾ ਵੀ ਪੰਜਾਬ ‘ਚ ਵਿਰੋਧ ਹੋ ਰਿਹਾ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਜਪਾ ਸੰਸਦ ਕੰਗਨਾ ਰਣੌਤ ਦੇ ਵਿਵਾਦਿਤ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦੇ ਰਹੀ ਹੈ।ਗਰਗ ਨੇ ਕਿਹਾ ਕਿ ਭਾਜਪਾ ਕਿਸਾਨ ਅੰਦੋਲਨ ਦੇ ਸਮੇਂ ਤੋਂ ਹੀ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ।
ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਆਪਣੇ ਵੀਡੀਓ ਬਿਆਨ ’ਚ ਕੰਗਨਾ ਨੇ ਕਥਿਤ ਦੋਸ਼ ਲਾਇਆ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ‘ਲਾਸ਼ਾਂ ਟੰਗੀਆਂ ਗਈਆਂ ਤੇ ਜਬਰ-ਜਨਾਹ ਹੋਏ।’ ਕੰਗਨਾ ਰਣੌਤ ਵੀਡੀਓ ’ਚ ਇਹ ਕਹਿ ਰਹੀ ਹੈ, ‘‘ਜਦੋਂ ਕਿਸਾਨ ਪੱਖੀ ਬਿੱਲ ਵਾਪਸ ਲੈ ਲਏ ਗਏ ਤਾਂ ਸਾਰਾ ਦੇਸ਼ ਹੈਰਾਨ ਹੋ ਗਿਆ।’’ ਉਸ ਨੇ ਆਖਿਆ ਕਿ ਕਿਸਾਨ ਹਾਲੇ ਵੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਸੰਸਦ ਮੈਂਬਰ ਨੇ ਇਸ ਲਈ ‘ਵਿਦੇਸ਼ੀ ਤਾਕਤਾਂ’ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਇਸ (ਅੰਦੋਲਨ) ਪਿੱਛੇ ਬੰਗਲਾਦੇਸ਼ ਵਾਂਗ ਲੰਮੇ ਸਮੇਂ ਦੀ ਯੋਜਨਾ ਸੀ। ਦੂਜੇ ਪਾਸੇ ਭਾਜਪਾ ਆਗੂਆਂ ਨੇ ਆਖਿਆ ਕਿ ਰਣੌਤ ਦੀ ਟਿੱਪਣੀ ਚੱਲ ਰਹੇ ਚੋਣ ਅਮਲ ਦੌਰਾਨ ਪਾਰਟੀ ਉਮੀਦਵਾਰਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ।