ਬਾਬਾ ਬਕਾਲਾ ਸਾਹਿਬ ‘ਚ ਰੱਖੜ ਪੁੰਨਿਆ ਮੇਲੇ ‘ ਤੇ ਵੱਡੇ ਸਿਆਸੀ ਇਕੱਠ, CM ਮਾਨ ਵੀ ਸਿਆਸੀ ਮੰਚ ਤੋਂ ਕਰਨਗੇ ਸੰਬੋਧਨ
ਅੰਮ੍ਰਿਤਸਰ ਨਿਊਜ, 19 ਅਗਸਤ 2024
ਅੰਮ੍ਰਿਤਸਰ ਦੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸੋਮਵਾਰ ਨੂੰ ਰੱਖੜ ਪੁੰਨਿਆ ਦਾ ਮੇਲਾ ਲਾਇਆ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਸਿਆਸੀ ਮੰਚ ਦਾ ਸੰਚਾਲਨ ਕੀਤਾ ਜਾਵੇਗਾ। ਜਿੱਥੇ ‘ਆਪ’ ਦੇ ਮੰਚ ‘ਤੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰਨਗੇ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਅਕਾਲੀ ਦਲ ਦੇ ਮੰਚ ‘ਤੇ ਸੰਬੋਧਨ ਕਰਨਗੇ।
ਅੱਜ ਸੋਮਵਾਰ ਨੂੰ ਬਾਅਦ ਦੁਪਹਿਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਸਿੰਘਾਂ ਵਲੋਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਨਾਲ ਨਿਹਾਲ ਕੀਤਾ ਜਾਵੇਗਾ। ਉੱਥੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਰੱਖੜ ਪੁੰਨਿਆ ਦੇ ਮੌਕੇ ‘ਤੇ ਮੱਥਾ ਟੇਕਣ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਮੁੱਖ ਮੰਤਰੀ ਕਰੀਬ 1 ਵਜੇ ਬਾਬਾ ਬਕਾਲਾ ਸਾਹਿਬ ਪਹੁੰਚਣਗੇ। ਜਿੱਥੇ ਉਹ ਪਹਿਲਾਂ ਗੁਰੂਘਰ ਵਿਖੇ ਮੱਥਾ ਟੇਕਣਗੇ ਅਤੇ ਫਿਰ ‘ਆਪ’ ਵੱਲੋਂ ਸਜਾਈ ਗਈ ਸਟੇਜ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ।
ਦੂਜੇ ਪਾਸੇ ਅਕਾਲੀ ਦਲ ਵੱਲੋਂ ਸਥਾਪਤ ਕੀਤੇ ਗਏ ਮੰਚ ‘ਤੇ ਪਹੁੰਚ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਦੱਸਣਗੇ। ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਕਰਕੇ ਸ਼੍ਰੀ ਬਾਬਾ ਬਕਾਲਾ ਸਾਹਿਬ ਨੂੰ ਨੋ ਵਹੀਕਲ ਜ਼ੋਨ ਬਣਾ ਦਿੱਤਾ ਗਿਆ ਹੈ। ਵੀਆਈਪੀ ਵਾਹਨਾਂ ਨੂੰ ਛੱਡ ਕੇ ਬਾਕੀ ਵਾਹਨ ਬਾਬਾ ਬਕਾਲਾ ਸਾਹਿਬ ਦੇ ਬਾਹਰ ਹੀ ਪਾਰਕ ਕੀਤੇ ਜਾਣਗੇ। 1250 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇੰਨਾ ਹੀ ਨਹੀਂ ਹਰ ਐਂਟਰੀ ਪੁਆਇੰਟ ‘ਤੇ ਨਾਕੇ ਲਗਾਏ ਗਏ ਹਨ।ਆਵਾਜਾਈ ਕਾਰਨ ਬਾਬਾ ਬਕਾਲਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੇ ਰੂਟ ਸਵੇਰ ਤੋਂ ਸ਼ਾਮ ਤੱਕ ਬਦਲ ਦਿੱਤੇ ਗਏ ਹਨ।