ਪਾਵਰਕਾਮ ਦੀ ਬਿਜਲੀ ਚੋਰਾ ਖਿਲਾਫ ਵੱਡੀ ਕਾਰਵਾਈ, 30 ਤੋਂ ਵੱਧ ਡੇਅਰੀਆਂ ‘ਤੇ ਅਚਨਚੇਤ ਛਾਪੇਮਾਰੀ
5 ਜੁਲਾਈ 2024
ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਫੜਨ ਲਈ ਕਮਰ ਕੱਸ ਲਈ ਹੈ। ਇਸ ਸਬੰਧੀ ਪਾਵਰਕਾਮ ਅਧਿਕਾਰੀਆਂ ਨੇ ਬਿਜਲੀ ਚੋਰੀ ਦੇ 30 ਦੇ ਕਰੀਬ ਮਾਮਲਿਆਂ ਦਾ ਪਤਾ ਲਗਾਇਆ, ਜਿਨ੍ਹਾਂ ‘ਤੇ 15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਐਸ.ਡੀ.ਓ ਵੈਸਟ ਸਬ ਡਵੀਜ਼ਨ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਐਕਸੀਅਨ ਰਾਹੁਲ ਆਨੰਦ ਇਨਫੋਰਸਮੈਂਟ 3 ਨੇ ਆਪਣੀ ਟੀਮ ਸਮੇਤ ਫਤਿਹਪੁਰ ਰੋਡ ‘ਤੇ ਸਥਿਤ ਡੇਅਰੀ ਕੰਪਲੈਕਸ ਵਿਖੇ ਸਾਂਝੀ ਕਾਰਵਾਈ ਕੀਤੀ, ਟੀਮ ਵਿੱਚ ਐਸ.ਡੀ.ਓ ਧਰਮਿੰਦਰ ਸਿੰਘ ਪੱਛਮੀ ਸਬ ਡਵੀਜ਼ਨ, ਐਸ.ਡੀ.ਓ ਪਰਮਿੰਦਰ ਸਿੰਘ, ਜੇ.ਈ ਤਰੁਣ ਸ਼ਰਮਾ ਅਤੇ ਜੇ.ਈ ਅਭਿਮਨਿਊ ਸ਼ਰਮਾ ਸ਼ਾਮਿਲ ਸਨ।
ਉਕਤ ਅਧਿਕਾਰੀਆਂ ਨੇ ਡੇਅਰੀ ਕੰਪਲੈਕਸ ਅੰਦਰ ਸਥਿਤ 30 ਤੋਂ ਵੱਧ ਡੇਅਰੀਆਂ ‘ਤੇ ਅਚਨਚੇਤ ਛਾਪੇਮਾਰੀ ਕਰਕੇ ਬਿਜਲੀ ਚੋਰਾਂ ਖਿਲਾਫ ਕਾਰਵਾਈ ਕਰਦਿਆਂ 15 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।