ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸਨ ਅਲਰਟ ‘ਤੇ -ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ – ਕਈ ਇਲਾਕਿਆਂ ਨੂੰ ਖ਼ਤਰਾ
ਐਡਵੋਕੇਟ ਕਰਨਦੀਪ ਸਿੰਘ ਕੈਰੋਂ / ਨਿਊਜ਼ ਪੰਜਾਬ
ਲੁਧਿਆਣਾ, 29 ਜੂਨ – ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਿੱਚ ਸੰਭਾਵਿਤ ਹੜ੍ਹਾਂ ਦੀ ਸਥਿਤੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਉਪਾਅ ਕਰਨੇ ਆਰੰਭ ਕਰ ਦਿੱਤੇ ਹਨ । ਸਾਰੇ ਅਧਿਕਾਰੀ ਆਪਣੇ ਸਟੇਸ਼ਨਾਂ ‘ਤੇ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣਗੇ।ਪ੍ਰਬੰਧਕੀ ਕੰਪਲੈਕਸ ਵਿੱਚ 24×7 ਫਲੱਡ ਕੰਟਰੋਲ ਰੂਮ (161-2433100) ਸਥਾਪਤ ਕਰ ਦਿੱਤਾ ਗਿਆ ਹੈ
ਡਿਪਟੀ ਕਮਿਸ਼ਨਰ ਸਾਹਨੀ, ਜੋ ਕਿ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਵਜੋਂ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਨੇ ਅੱਜ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐਸਡੀਐਮ) ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਨੂੰ ਸਤਲੁਜ, ਬੁੱਢਾ ਦਰਿਆ ਅਤੇ ਹੋਰ ਡਰੇਨਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਤੋਂ ਇਲਾਵਾ, 1.5 ਲੱਖ ਤੋਂ ਵੱਧ ਬੋਰੀਆਂ ਖਰੀਦੀਆਂ ਜਾ ਚੁੱਕੀਆਂ ਹਨ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਲਗਭਗ 50,000 ਰੇਤ ਦੇ ਥੈਲੇ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਪਟਵਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਡੀ.ਸੀ ਸਾਹਨੀ ਨੇ ਦੱਸਿਆ ਕਿ ਬੁੱਢਾ ਦਰਿਆ ਵਿੱਚ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਵਹਿਣ ਨੂੰ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਵੱਲੋਂ ਕੁੱਲ 17 ਪੋਕਲੇਨ ਮਸ਼ੀਨਾਂ ਬੁੱਢਾ ਦਰਿਆ ਦੇ ਨਾਲ 24 ਘੰਟੇ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਬੁੱਢਾ ਦਰਿਆ ਅੱਪਸਟਰੀਮ ਵਿੱਚ 4 ਪੋਕਲੇਨ, ਬੁੱਢਾ ਦਰੀਆ ਡਾਊਨਸਟ੍ਰੀਮ ਵਿੱਚ 2 ਪੋਕਲੇਨ, ਬੱਸੀਆਂ ਡਰੇਨ ਵਿੱਚ 2 ਪੋਕਲੇਨ, ਚਚਰਾੜੀ ਡਰੇਨ ਵਿੱਚ 2 ਪੋਕਲੇਨ, ਐਮ.ਸੀ.ਐਮ ਡਰੇਨ ਵਿੱਚ 3 ਪੋਕਲੇਨ, ਲਲਤੋਂ-ਪਮਾਲ ਡਰੇਨ ਵਿੱਚ 2 ਪੋਕਲੇਨ ਅਤੇ ਰੱਖ ਡਰੇਨ ਅਤੇ ਪੁੜੈਂਣ ਵਿੱਚ ਇੱਕ-ਇੱਕ ਪੋਕਲੇਨ ਸ਼ਾਮਲ ਹਨ।
ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਟਾਫ ਨੂੰ ਫੀਲਡ ਵਿੱਚ ਰੱਖਣ ਨੂੰ ਯਕੀਨੀ ਬਣਾਉਣ ਤਾਂ ਜੋ ਤਾਰਾਂ ਅਤੇ ਖੰਭਿਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ, ਖਾਸ ਕਰਕੇ ਨੀਵੇਂ ਖੇਤਰਾਂ ਵਿੱਚ। ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਹੀ ਸਪਲਾਈ ਬਹਾਲ ਹੋਣੀ ਚਾਹੀਦੀ ਹੈ। ਬਿਜਲੀ ਦਾ ਕਰੰਟ ਲੱਗਣ ਦੀ ਕੋਈ ਘਟਨਾ ਨਾ ਵਾਪਰੇ ਨਹੀਂ ਤਾਂ ਲਾਪਰਵਾਹੀ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਬੁੱਢਾ ਦਰਿਆ ਤੇ ਕਈ ਪੁਆਇੰਟਾਂ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮਿਟਿੰਗ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਿਹਨਾਂ ਕੋਲ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਵੀ ਹੈ, ਨੇ ਅੱਜ ਡੀ.ਸੀ ਕੈਂਪ ਦਫ਼ਤਰ ਵਿਖੇ ਜ਼ੋਨਲ ਕਮਿਸ਼ਨਰਾਂ ਅਤੇ ਸ਼ਾਖਾ ਮੁਖੀਆਂ ਸਮੇਤ ਸੀਨੀਅਰ ਐਮ.ਸੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਉਹ ਨਾਜਾਇਜ਼ ਉਸਾਰੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਤੇ ਕਿਸੇ ਵੀ ਸ਼ਿਕਾਇਤ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਨਿਰਪੱਖ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ। ਉਹਨਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਨਿਗਮ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਜਨਰੇਟਰ ਸੈੱਟ, ਸਕਸ਼ਨ ਪੰਪ, ਸੜਕਾਂ ਦੀ ਸਫ਼ਾਈ, ਬੁੱਢਾ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਨੂੰ ਪਹਿਲ ਦੇ ਆਧਾਰ ’ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਦੀ ਨਿਗਰਾਨੀ ਕਰਨ ਲਈ ਪ੍ਰਬੰਧਕੀ ਕੰਪਲੈਕਸ ਵਿੱਚ 24×7 ਫਲੱਡ ਕੰਟਰੋਲ ਰੂਮ (161-2433100) ਸਥਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਤਾਇਨਾਤ ਸਟਾਫ਼ ਦਾ ਡਿਊਟੀ ਰੋਸਟਰ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਫਲੱਡ ਕੰਟਰੋਲ ਰੂਮ ਦੇ ਸਟਾਫ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਇਸ ਕੰਟਰੋਲ ਰੂਮ ਦੀ ਚੈਕਿੰਗ ਲਈ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਰੋਟੇਸ਼ਨ ਆਧਾਰ ‘ਤੇ ਨਿਯੁਕਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ 30 ਸਤੰਬਰ 2024 ਤੱਕ ਕੰਮ ਕਰੇਗਾ।