ਪੰਜਿ ਪਿਆਲੇ ਪੰਜ ਪੀਰ; ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ; ਮੂਰਤਿ ਹਰਿਗੋਬਿੰਦ ਸਵਾਰੀ। ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
22 ਜੂਨ 2024
ਸੂਰਜ ਵਾਂਗ ਸੀ ਚਿਹਰੇ ‘ ਤੇ ਤੇਜ ਜਿਸਦੇ,ਸੋਹਣੇ ਸੁੰਦਰ ਉਸ ਬਾਲਕ ਦਾ ਜਨਮ ਹੋਇਆ।
ਰੱਖਿਆ ਖਲਕਤ ਦੀ ਕਰਨ ਲਈ ਨਾਲ ਸ਼ਕਤੀ,ਪੰਚਮ ਪਿਤਾ ਘਰ ਖਾਲਕ ਦਾ ਜਨਮ ਹੋਇਆ।
ਸੋਲਾਂ ਕਲਾਂ ਸੰਪੂਰਨ ਸੀ ਸਾਹਿਬਜ਼ਾਦਾ, ਸੱਚਮੁੱਚ ਸਰਬ ਪ੍ਰਿਤਪਾਲਕ ਦਾ ਜਨਮ ਹੋਇਆ।
ਮੁਰਦਾ ਅਣਖ ‘ਚ ਜਿੰਦਗੀ ਪਾਉਣ ਖਾਤਰ, ਮੀਰੀ ਪੀਰੀ ਦੇ ਮਾਲਕ ਦਾ ਜਨਮ ਹੋਇਆ।
ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜੂਨ ਦੇ ਮਹੀਨੇ 1595 ਈ: ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ।ਜਦੋਂ ਉਨ੍ਹਾਂ ਦੇ ਪਿਤਾ ਨੇ ਬਾਲਕ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਫਰਮਾਇਆ, “ਇਹ ਬਾਲਕ ਬਹੁਤ ਪ੍ਰਤਾਪੀ ਪੁਰਖ ਹੋਵੇਗਾ।’’ ਉਨ੍ਹਾਂ ਦੇ ਪ੍ਰਕਾਸ਼ ਦੀ ਖ਼ੁਸ਼ੀ ਵਿੱਚ ਗੁਰੂ ਸਾਹਿਬ ਨੇ ਉਸ ਇਲਾਕੇ ਵਿੱਚ ਛੇ ਮਾਹਲਾਂ ਵਾਲਾ ਵੱਡਾ ਖੂਹ ਲਗਵਾਇਆ ਜਿਸ ਕਰਕੇ ਉਸ ਨਗਰੀ ਦਾ ਨਾਂ ਛੇਹਰਟਾ ਪੈ ਗਿਆ।
ਬਾਲਕ ਹਰਗੋਬਿੰਦ ਜੀ ਹਾਲੇ 11 ਸਾਲ ਦੇ ਹੀ ਸਨ ਕਿ ਉਨ੍ਹਾਂ ਦੇ ਗੁਰੂ ਪਿਤਾ ਅਰਜਨ ਦੇਵ ਜੀ ਨੂੰ ਬਾਦਸ਼ਾਹ ਜਹਾਂਗੀਰ ਦੇ ਦਿੱਤੇ ਨਿਰਦੇਸ਼ਾਂ ਕਾਰਨ ਲਾਹੌਰ ਵਿੱਚ ਜਾ ਕੇ ਆਪਣੀ ਸ਼ਹਾਦਤ ਦੇਣੀ ਪਈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਬਾਲਕ ਹਰਗੋਬਿੰਦ ਨੂੰ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਗਿਆ। ਗੁਰਗੱਦੀ ’ਤੇ ਬੈਠਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਸਮੇਂ ਦੀ ਨਬਜ਼ ਪਛਾਣਦਿਆਂ ਇਤਿਹਾਸ ਨੂੰ ਨਵਾਂ ਮੋੜਾ ਦੇਣ ਦਾ ਸੰਕਲਪ ਕੀਤਾ। ਉਨ੍ਹਾਂ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖ-ਰੇਖ ਹੇਠ ਹਰਿਮੰਦਰ ਸਾਹਿਬ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਜਿਹੜੀਆਂ ਮੀਰੀ ਅਤੇ ਪੀਰੀ ਦੇ ਸੁਮੇਲ ਦੀਆਂ ਪ੍ਰਤੀਕ ਸਨ। ਇਸ ਬਾਰੇ ਉਸ ਸਮੇਂ ਦੇ ਪ੍ਰਸਿੱਧ ਢਾਡੀ ਨੱਥੇ ਅਤੇ ਅਬਦੁੱਲੇ ਨੇ ਅਕਾਲ ਤਖ਼ਤ ਸਾਹਿਬ ਵਿਖੇ ਇਹ ਵਾਰ ਗਾਈ:
ਦੋ ਤਲਵਾਰਾਂ ਬਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ।
ਇਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।
ਉਨ੍ਹਾਂ ਨੇ ਸੰਗਤ ਨੂੰ ਵਧੀਆ ਨਸਲ ਦੇ ਘੋੜੇ ਅਤੇ ਹਥਿਆਰ ਗਠਿਤ ਕੀਤੀ ਜਾਣ ਵਾਲੀ ਧਰਮੀ ਫ਼ੌਜ ਲਈ ਭੇਟ ਕਰਨ ਦਾ ਹੁਕਮ ਦਿੱਤਾ। ਅਕਾਲ ਤਖ਼ਤ ਵਿਖੇ ਰਾਜਸੀ ਅਤੇ ਹੋਰ ਮਾਮਲੇ ਨਜਿੱਠੇ ਜਾਂਦੇ। ਗੁਰੂ ਸਾਹਿਬ ਦੀ ਧਰਮੀ ਫ਼ੌਜ ਨੇ ਜ਼ੁਲਮ ਅਤੇ ਅਨਿਆਂ ਵਿਰੁੱਧ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕਰਤਾਰਪੁਰ ਦੀ ਜੰਗ ਦੌਰਾਨ ਆਪਣੇ ਪੁੱਤਰ ਤਿਆਗ ਮਲ ਵੱਲੋਂ ਵਾਹੀ ਤੇਗ਼ ਦੇ ਜੌਹਰ ਵੇਖ ਕੇ ਗਦਗਦ ਹੁੰਦਿਆਂ ਉਨ੍ਹਾਂ ਫਰਮਾਇਆ,“ਇਹ ਅੱਜ ਤੋਂ ਤਿਆਗ ਮਲ ਨਹੀਂ ਬਲਕਿ ਤੇਗ਼ ਬਹਾਦਰ ਹੈ।’’ ਗੁਰੂ ਹਰਗੋਬਿੰਦ ਸਾਹਿਬ ਸਰੀਰਿਕ ਤੌਰ ’ਤੇ ਬਹੁਤ ਬਲਵਾਨ ਅਤੇ ਸ਼ਸਤਰ ਵਿਦਿਆ ਦੇ ਧਨੀ ਸਨ। ਉਨ੍ਹਾਂ ਨੇ ਜਹਾਂਗੀਰ ਤੋਂ ਆਪਣੇ ਪਿਤਾ ਦੀ ਸ਼ਹਾਦਤ ਲਈ ਜ਼ਿੰਮੇਵਾਰ ਦੱਸੇ ਜਾਂਦੇ ਚੰਦੂ ਨੂੰ ਬਣਦੀ ਸਜ਼ਾ ਦਿੱਤੀ। ਗੁਰੂ ਸਾਹਿਬ ਸਾਰੇ ਧਰਮਾਂ ਨਾਲ ਪ੍ਰੇਮ ਅਤੇ ਸਦਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੰਦੇ ਸਨ। ਉਨ੍ਹਾਂ ਸ੍ਰੀ ਹਰਗੋਬਿੰਦਪੁਰ ਅਤੇ ਕਰਤਾਰਪੁਰ ਨਾਂ ਦੇ ਦੋ ਨਗਰ ਵਸਾਏ। ਵਿਲੱਖਣ ਗੱਲ ਇਹ ਹੈ ਕਿ ਸ੍ਰੀ ਹਰਗੋਬਿੰਦਪੁਰ ਵਿੱਚ ਉਨ੍ਹਾਂ ਨੇ ਉੱਥੇ ਰਹਿੰਦੇ ਮੁਸਲਮਾਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਲਈ ਇੱਕ ਸੁੰਦਰ ਮਸਜਿਦ ਬਣਵਾਈ, ਜਿਸ ਨੂੰ ਗੁਰੂ ਦੀ ਮਸੀਤ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਸਮੇਂ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੇ ਕੁਝ ਕੱਟੜ ਅਤੇ ਤੰਗ ਸੋਚ ਦੇ ਮਾਲਕ ਲੋਕਾਂ ਦੇ ਚੁੱਕੇ ਚੁਕਾਏ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਉੱਥੇ ਦੇਸ਼ ਦੇ ਹੋਰ ਹਿੱਸਿਆਂ ਤੋਂ ਵੀ 52 ਰਾਜੇ ਪਹਿਲਾਂ ਹੀ ਕੈਦ ਕੱਟ ਰਹੇ ਸਨ। ਜਦੋਂ ਬਾਦਸ਼ਾਹ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਸਾਹਿਬ ਤੋਂ ਖਿਮਾ ਮੰਗਦਿਆਂ ਉਨ੍ਹਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਪਰ ਗੁਰੂ ਸਾਹਿਬ ਨੇ ਸ਼ਰਤ ਰੱਖੀ ਕਿ ਬਾਕੀ ਦੇ ਕੈਦ ਰਾਜੇ ਵੀ ਉਨ੍ਹਾਂ ਦੇ ਨਾਲ ਹੀ ਰਿਹਾਅ ਕੀਤੇ ਜਾਣ। ਗੁਰੂ ਸਾਹਿਬ ਦੇ 52 ਕਲੀਆਂ ਵਾਲੇ ਚੋਲੇ ਦੀਆਂ ਤਣੀਆਂ ਫੜ ਕੇ ਬਾਕੀ ਰਾਜੇ ਵੀ ਕੈਦ ਤੋਂ ਮੁਕਤ ਹੋ ਗਏ। ਗੁਰੂ ਸਾਹਿਬ ਦੇ ਅੰਮ੍ਰਿਤਸਰ ਪੁੱਜਣ ’ਤੇ ਦੀਪਮਾਲਾ ਕੀਤੀ ਗਈ। ਉਸ ਦਿਨ ਤੋਂ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਗੁਰੂ ਹਰਗੋਬਿੰਦ ਸਾਹਿਬ ਸੰਗੀਤ ਦੇ ਵੀ ਮਹਾਨ ਕਦਰਦਾਨ ਸਨ। ਜਿੱਥੇ ਹਰਿਮੰਦਰ ਸਾਹਿਬ ਵਿੱਚ ਰੂਹਾਨੀ ਕੀਰਤਨ ਹੁੰਦਾ ਹੈ, ਉਥੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਵਿਖੇ ਸੂਰਮਿਆਂ ਵਿੱਚ ਜੋਸ਼ ਭਰਨ ਲਈ ਢਾਡੀਆਂ ਵੱਲੋਂ ਢੱਡ ਸਾਰੰਗੀ ਨਾਲ ਵਾਰਾਂ ਗਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇਸੇ ਲਈ ਉਨ੍ਹਾਂ ਨੂੰ ਢਾਡੀ ਕਲਾ ਦਾ ਬਾਨੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਨੇ ਤਾਉਸ ਨਾਂ ਦਾ ਵਿਲੱਖਣ ਸਾਜ਼ ਵੀ ਈਜਾਦ ਕਰਵਾਇਆ। ਇਤਿਹਾਸਕਾਰਾਂ ਮੁਤਾਬਕ ਜੰਗਾਂ ਤੋਂ ਬਾਅਦ ਗੁਰੂ ਸਾਹਿਬ ਅਤੇ ਜਹਾਂਗੀਰ ਦੇ ਸਬੰਧ ਮਿੱਤਰਤਾਪੂਰਨ ਹੋ ਗਏ ਸਨ। ਉਹ ਕੁਝ ਸਮਾਂ ਜਹਾਂਗੀਰ ਦੇ ਸੱਦੇ ’ਤੇ ਆਗਰਾ ਵਿੱਚ ਉਨ੍ਹਾਂ ਦੇ ਮਹਿਮਾਨ ਵਜੋਂ ਵੀ ਰਹੇ। ਸਿੱਖ ਸੰਗਤ ਗੁਰੂ ਸਾਹਿਬ ਨੂੰ ‘ਸੱਚੇ ਪਾਤਸ਼ਾਹ’ ਕਹਿ ਕੇ ਸਤਿਕਾਰ ਭੇਟ ਕਰਦੀਆਂ ਸਨ।
ਗੁਰੂ ਹਰਗੋਬਿੰਦ ਸਾਹਿਬ ਜਿੱਥੇ ਮਹਾਨ ਜਰਨੈਲ ਅਤੇ ਸੂਰਮੇ ਸਨ, ਉਥੇ ਬਹੁਤ ਹੀ ਕੋਮਲ ਹਿਰਦੇ ਦੇ ਮਾਲਕ ਵੀ ਸਨ। ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਆਪਣਾ ਸਰੀਰ ਤਿਆਗਣਾ ਸੀ ਤਾਂ ਉਨ੍ਹਾਂ ਨੇ ਮਨ ਹੀ ਮਨ ਅਰਦਾਸ ਕੀਤੀ ਕਿ ਉਹ ਛੇਵੇਂ ਪਾਤਸ਼ਾਹ ਦੀ ਗੋਦੀ ਵਿੱਚ ਆਪਣੇ ਪ੍ਰਾਣ ਤਿਆਗਣ। ਦਿਲਾਂ ਦੀਆਂ ਜਾਨਣ ਵਾਲੇ ਗੁਰੂ ਪਾਤਸ਼ਾਹ ਤੁਰੰਤ ਚੋਣਵੇਂ ਸਿੱਖਾਂ ਸਮੇਤ ਘੋੜੇ ’ਤੇ ਸਵਾਰ ਹੋ ਕੇ ਕਸਬਾ ਰਮਦਾਸ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਦਰਸ਼ਨ ਕਰਕੇ ਬਾਬਾ ਬੁੱਢਾ ਜੀ ਨਿਹਾਲ ਹੋ ਗਏ। ਗੁਰੂ ਸਾਹਿਬ ਨੇ ਪਿਆਰ ਤੇ ਸਤਿਕਾਰ ਨਾਲ ਉਨ੍ਹਾਂ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਤਾਂ ਗੁਰੂ ਸਾਹਿਬ ਦੇ ਨੇਤਰਾਂ ਵਿੱਚ ਨੇਤਰ ਪਾ ਕੇ ਬਾਬਾ ਬੁੱਢਾ ਸਾਹਿਬ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੀਆਂ ਅੰਤਿਮ ਰਸਮਾਂ ਗੁਰੂ ਸਾਹਿਬ ਨੇ ਖੁਦ ਨਿਭਾਈਆਂ ਅਤੇ ਰਮਦਾਸ ਵਿੱਚ ਉਨ੍ਹਾਂ ਦੀ ਸਮਾਧ ਦਾ ਨਿਰਮਾਣ ਕਰਵਾਇਆ, ਜਿੱਥੇ ਹੁਣ ਸ਼ਾਨਦਾਰ ਗੁਰਦੁਆਰਾ ਸੁਭਾਇਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਦਾ 48 ਸਾਲ ਦੀ ਉਮਰ ’ਚ 28 ਫਰਵਰੀ 1644 ਨੂੰ ਦੇਹਾਂਤ ਹੋ ਗਿਆ।