ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ‘ਅਟਲ ਸੇਤੂ’ ‘ਚ ਦਰਾਰ, ਕਾਂਗਰਸ ਭਾਜਪਾ ਵਿਚਕਾਰ ਸ਼ਬਦੀ ਜੰਗ ਸ਼ਰੂ

22 ਜੂਨ 2024

ਨਵੀਂ ਮੁੰਬਈ ਵਿੱਚ ਅਟਲ ਸੇਤੂ ਪੁਲ  ਦੀ ਉਸਾਰੀ ਨੂੰ ਲੈ ਕੇ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਬੀਜੇਪੀ’ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ।  ਇਸ ਦੇ ਉਦਘਾਟਨ ਦੇ ਪੰਜ ਮਹੀਨੇ ਬਾਅਦ ਹੀ ਮੁੰਬਈ ਦੇ ਅਟਲ ਸੇਤੂ ‘ਤੇ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਨਵੀਂ ਮੁੰਬਈ ਵਿੱਚ ਅਟਲ ਬਿਹਾਰੀ ਵਾਜਪਾਈ ਸੇਵੜੀ-ਨ੍ਹਾਵਾ ਸੇਵਾ ਅਟਲ ਸੇਤੂ ਦਾ ਨਿਰੀਖਣ ਕੀਤਾ, ਨੇ ਉਸਾਰੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਉਨ੍ਹਾਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਪੁਲ ਦੇ ਨਿਰਮਾਣ ਦੀ ਗੁਣਵੱਤਾ ਮਾੜੀ ਸੀ ਅਤੇ ਸੜਕ ਦਾ ਇੱਕ ਹਿੱਸਾ ਇੱਕ ਫੁੱਟ ਤੱਕ ਡੁੱਬ ਗਿਆ ਸੀ। ਪਟੋਲੇ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਦਘਾਟਨ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਅਟਲ ਸੇਤੂ ਪੁਲ ਦੇ ਇੱਕ ਹਿੱਸੇ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਨਵੀਂ ਮੁੰਬਈ ਨੇੜੇ ਸੜਕ ਦਾ ਅੱਧਾ ਕਿਲੋਮੀਟਰ ਲੰਬਾ ਹਿੱਸਾ ਇੱਕ ਫੁੱਟ ਤੱਕ ਧਸ ਗਿਆ ਹੈ,ਇਹ ਬਹੁਤ ਮੰਦਭਾਗੀ ਗੱਲ ਹੈ।

ਸੱਤਾਧਾਰੀ ਭਾਜਪਾ ਦੇ ਨਾਲ-ਨਾਲ ਮੁੰਬਈ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ (ਐੱਮ.ਐੱਮ.ਆਰ.ਡੀ.ਏ.), ਜੋ ਕਿ ਇਸ ਪ੍ਰੋਜੈਕਟ ਲਈ ਨੋਡਲ ਏਜੰਸੀ ਹੈ, ਨੇ ਕਿਹਾ ਕਿ ਇਹ ਦਰਾਰਾਂ ਪੁਲ ‘ਤੇ ਨਹੀਂ ਸਨ, ਸਗੋਂ ਨਵੀਂ ਮੁੰਬਈ ਦੇ ਉਲਵੇ ਤੋਂ ਆਉਣ ਵਾਲੀ ਸੜਕ ‘ਤੇ ਸਨ।ਮਹਾਰਾਸ਼ਟਰ ਨੇ ਇਕ ਪੋਸਟ ‘ਚ ਕਿਹਾ ਕਿ ਅਟਲ ਸੇਤੂ ਨੂੰ ਬਦਨਾਮ ਕਰਨਾ ਬੰਦ ਕਰੋ। ਸਾਫ ਹੈ ਕਿ ਫੋਟੋ ‘ਚ ਦਿਖਾਈ ਦੇ ਰਹੀ ਸੜਕ ‘ਚ ਦਰਾਰਾਂ ਅਟਲ ਸੇਤੂ ‘ਤੇ ਨਹੀਂ ਹਨ। ਕਿਉਂਕਿ ਇਹ ਦਰਾਰਾਂ ਅਟਲ ਸੇਤੂ ਨੂੰ ਜਾਣ ਵਾਲੀ ਜ਼ਮੀਨੀ ਸੜਕ ‘ਤੇ ਪਈਆਂ ਸਨ। ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਹ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਟਲ ਸੇਤੂ ‘ਤੇ ਕੋਈ ਦਰਾਰ ਨਹੀਂ ਹੈ ਅਤੇ ਨਾ ਹੀ ਅਟਲ ਸੇਤੂ ਨੂੰ ਕੋਈ ਖਤਰਾ ਹੈ। ਇਹ ਤਸਵੀਰ ਪਹੁੰਚ ਰੋਡ ਦੀ ਹੈ। ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਕਾਂਗਰਸ ਪਾਰਟੀ ਨੇ ਝੂਠ ਦਾ ਸਹਾਰਾ ਲੈ ਕੇ ‘ਪਾੜ’ ਖੜ੍ਹੀ ਕਰਨ ਦੀ ਲੰਬੀ-ਚੌੜੀ ਯੋਜਨਾ ਬਣਾਈ ਹੈ।