ਰਾਜਾ ਵੜਿੰਗ ਦਾ ਸਖ਼ਤ ਐਕਸ਼ਨ: ਸਾਬਕਾ ਕਾਂਗਰਸ ਵਿਧਾਇਕ ਦਰਸ਼ਨ ਸਿੰਘ ਬਰਾੜ ਪਾਰਟੀ ਵਿੱਚੋਂ ਬਰਖ਼ਾਸਤ
ਪੰਜਾਬ ਨਿਊਜ਼,6 ਜੂਨ 2024
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੇ ਸਾਬਕਾ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿੱਚ ਬਰਖ਼ਾਸਤ ਕਰ ਦਿੱਤਾ ਹੈ।
ਬਾਘਾ ਪੁਰਾਣਾ ਹਲਕੇ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸ: ਬਰਾੜ ਵਿਰੁੱਧ ਇਹ ਕਾਰਵਾਈ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਪਾਰਟੀ ਅਨੁਸ਼ਾਸ਼ਨ ਦੀ ਉਲੰਘਣਾ ਦੇ ਦੋਸ਼ ਹੇਠ ਕੀਤੀ ਗਈ ਹੈ।ਦਿਲਚਸਪ ਗੱਲ ਇਹ ਹੈ ਕਿ ਇਹ ਕਾਰਵਾਈ ਸੰਬੰਧੀ ਚਿੱਠੀ ਪਹਿਲੀ ਜੂਨ ਨੂੂੰ ਹੀ ਜਾਰੀ ਕਰ ਦਿੱਤੀ ਗਈ ਸੀ ਪਰ ਇਹ ਚਿੱਠੀ ਸਾਹਮਣੇ ਅੱਜ 6 ਜੂਨ ਨੂੰ ਆਈ ਹੈ।
ਜ਼ਿਕਰਯੋਗ ਹੈ ਕਿ ਸ: ਦਰਸ਼ਨ ਸਿੰਘ ਬਰਾੜ ਦੇ ਬੇਟੇ ਸ: ਕਮਲਜੀਤ ਸਿੰਘ ਬਰਾੜ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਵਜੋਂ ਕਾਂਗਰਸ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਰਾਜਾ ਵੜਿੰਗ ਦੇ ਖ਼ਿਲਾਫ਼ ਚੋਣ ਲੜੇ ਸਨ ਅਤੇ ਉਨ੍ਹਾਂ ਨੇ ਸ: ਵੜਿੰਗ ਅਤੇ ਸ: ਰਵਨੀਤ ਸਿੰਘ ਬਿੱਟੂ ਵਿਚਾਲੇ ਹੋਏ ਗਹਿਗੱਚ ਮੁਕਾਬਲੇ ਵਿੱਚ 42,000 ਵੋਟਾਂ ਵੀ ਹਾਸਲ ਕੀਤੀਆਂ ਸਨ।
ਇਸ ਦੌਰਾਨ ਉਹ ਰਾਜਾ ਵੜਿੰਗ ’ਤੇ ਕਾਫ਼ੀ ਹਮਲਾਵਰ ਰਹੇ ਸਨ। ਇਸ ਤੋਂ ਪਹਿਲਾਂ ਵੀ ਉਹ ਰਾਜਾ ਵੜਿੰਗ ਦੇ ਖ਼ਿਲਾਫ਼ ਸਖ਼ਤ ਟਿੱਪਣੀਆਂ ਕਰਦੇ ਸਨ। ਕਮਲਜੀਤ ਸਿੰਘ ਬਰਾੜ ਨੂੰ ਪਹਿਲਾਂ ਹੀ ਪਾਰਟੀ ਵਿੱਚੋਂ ਕੱਢਿਆ ਜਾ ਚੁੱਕਾ ਹੈ ਅਤੇ ਹੁਣ ਸ: ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਕੱਢ ਕੇ ਰਾਜਾ ਵੜਿੰਗ ਨੇ ਪਾਰਟੀ ਅਨੁਸ਼ਾਸ਼ਨ ਦੇ ਸੰਬੰਧ ਵਿੱਚ ਇੱਕ ਸਖ਼ਤ ਸੰਦੇਸ਼ ਦੇ ਦਿੱਤਾ ਹੈ।