ਮੋਦੀ ਦੀ ਨਵੀਂ ਸਰਕਾਰ 240 ਭਾਜਪਾ ਸੰਸਦ ਮੈਂਬਰਾਂ ਦੇ ਨਾਲ ਕਿਹੜੀਆਂ ਹੋਰ ਪਾਰਟੀਆਂ ਦਾ ਸਾਥ ਲੈ ਕੇ ਵਿਖਾਏਗੀ ਬਹੁਮੱਤ – ਅਕਾਲੀ ਦਲ ਵੀ ਹੋ ਸਕਦਾ ਸ਼ਾਮਲ
ਨਿਊਜ਼ ਪੰਜਾਬ
ਭਾਜ਼ਪਾ ਵੱਲੋਂ 240 ਸੀਟਾਂ ਜਿੱਤਣ ਤੋਂ ਬਾਅਦ ਆਪਣੇ ਕਿਹੜੇ ਸਹਿਯੋਗੀਆਂ ਨਾਲ ਗਠਜੋੜ ਸਰਕਾਰ ਬਣਾ ਰਹੀ, ਜਨਤਾ ਉਹਨਾਂ ਸਹਿਯੋਗੀਆਂ ਬਾਰੇ ਜਾਨਣ ਲਈ ਦਿਲਚਸਪੀ ਲੈ ਰਹੀ ਹੈ l ਸਰਕਾਰ ਬਣਾਉਣ ਲਈ 272 ਮੈਂਬਰਾਂ ਦੀ ਲੋੜ ਹੈ l
ਸਪਸ਼ਟ ਰੂਪ ਵਿੱਚ ਗਠਜੋੜ ਵਿੱਚ ਸ਼ਾਮਲ ਪੰਜ ਪਾਰਟੀਆਂ ਜੇਡੀਯੂ, ਟੀਡੀਪੀ, ਐਲਜੇਪੀ (ਆਰ), ਜਨਸੇਨਾ ਪਾਰਟੀ ਅਤੇ ਆਰਐਲਡੀ ਸ਼ਾਮਲ ਹਨ ਜਿਨ੍ਹਾਂ ਨੇ 37 ਸੀਟਾਂ ਜਿੱਤੀਆਂ ਹਨ,ਚੋਣਾਂ ਵਿੱਚ ਜੇਡੀਯੂ ਨੂੰ 12, ਐਲਜੇਪੀ (ਆਰ) ਨੂੰ ਪੰਜ, ਟੀਡੀਪੀ ਨੂੰ 16, ਜਨਸੈਨਾ ਨੂੰ ਦੋ ਅਤੇ ਆਰਐਲਡੀ ਨੂੰ ਦੋ ਸੀਟਾਂ ਮਿਲੀਆਂ ਹਨ। ਇਹ ਉਹ ਅੰਕੜਾ ਹੈ ਜਿਸ ਦੀ ਬਦੌਲਤ ਐਨਡੀਏ ਬਹੁਮਤ ਦੇ ਜਾਦੂਈ ਅੰਕੜੇ 272 ਨੂੰ ਪਾਰ ਕਰਨ ਵਿੱਚ ਕਾਮਯਾਬ ਰਹੀ।
ਭਾਜਪਾ ਇਹਨਾਂ ਪਾਰਟੀਆਂ ਨੂੰ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਐਨਡੀਏ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਰਹੀ ਸੀ । ਜਨਵਰੀ ਵਿੱਚ, ਨਿਤੀਸ਼ ਕੁਮਾਰ, ਚੰਦਰਬਾਬੂ ਨਾਇਡੂ, ਚਿਰਾਗ ਪਾਸਵਾਨ, ਪਵਨ ਕਲਿਆਣ ਅਤੇ ਮਾਰਚ ਵਿੱਚ ਜਯੰਤ ਚੌਧਰੀ ਨਾਲ ਗਠਜੋੜ ਲਈ ਸਹਿਮਤੀ ਦਿੱਤੀ ਸੀ।
ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਕੁੱਝ ਹੋਰ ਖੇਤਰੀ ਪਾਰਟੀਆਂ ਨਾਲ ਭਾਜ਼ਪਾ ਦੀ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ, ਸੂਤਰਾਂ ਅਨੁਸਾਰ ਭਾਜਪਾ ਹੁਣ ਇਹਨਾਂ ਪਾਰਟੀਆਂ ਸਮੇਤ ਕੁੱਝ ਆਜ਼ਾਦ ਸੰਸਦ ਮੈਂਬਰਾਂ ਦਾ ਸਾਥ ਲੈਣ ਲਈ ਯਤਨ ਕਰ ਰਹੀ ਹੈ ਜਿਨ੍ਹਾਂ ਦੀ ਗਿਣਤੀ 4 ਤੋਂ 10 ਹੋ ਸਕਦੀ ਹੈ